ਮੋਗਾ: ਮੋਗਾ ਜ਼ਿਲ੍ਹੇ ਦੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਮਦਾਰਪੁਰ ਦੇ ਮੌਜੂਦਾ ਸਰਪੰਚ ਦਲਜੀਤ ਸਿੰਘ ਨੇ ਦੱਸਿਆ ਕਿ ਨੈਬ ਸਿੰਘ ਪਟਵਾਰੀ ਪਹਿਲਾਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਆਉਂਦੀ ਮੁਆਵਜ਼ੇ ਦੀ ਰਕਮ ਦੇ ਬਦਲੇ ਪ੍ਰਭਾਵਿਤ ਲੋਕਾਂ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ ਅਤੇ ਰਿਸ਼ਵਤ ਲਏ ਬਿਨਾਂ ਕੋਈ ਵੀ ਕੰਮ ਨਹੀਂ ਕਰਦਾ।
ਸਰਪੰਚ ਸਣੇ ਪਿੰਡ ਵਾਸੀਆਂ ਨੇ ਪਟਵਾਰੀ ਉੱਤੇ ਦੋਸ਼ ਲਗਾਏ ਕਿ ਲੋਕਾਂ ਵੱਲੋਂ ਭੇਜੀ ਜਾਂਦੀ ਸਹਾਇਤਾ ਜੋ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਾਸਤੇ ਹੈ, ਉਨ੍ਹਾਂ ਨੂੰ ਵੀ ਪਟਵਾਰੀ ਨੇ ਆਪਣੇ ਕੋਲ ਜਮਾਂ ਕਰ ਰੱਖਿਆ ਹੈ ਅਤੇ ਆਪਣੀ ਗੱਡੀ ਵਿੱਚ ਸਾਮਾਨ ਆਪਣੇ ਘਰ ਲੈ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਟਵਾਰੀ ਵੱਲੋਂ ਉਨ੍ਹਾਂ ਨੂੰ ਸ਼ਰੇਆਮ ਧਮਕੀ ਦਿੱਤੀ ਜਾਂਦੀ ਹੈ ਕਿ ਜੋ ਵੀ ਉਨ੍ਹਾਂ ਦੇ ਵਿਰੁੱਧ ਬੋਲੇਗਾ, ਉਸ ਦਾ ਨਾਂਅ ਮੁਆਵਜ਼ੇ ਵਾਲੀ ਸੂਚੀ ਵਿੱਚ ਨਹੀਂ ਪਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੂੰ ਮੰਗ ਪੱਤਰ ਦੇ ਕੇ ਦੋਹਾਂ ਪਿੰਡਾਂ ਦੀ ਪੰਚਾਇਤ ਨੇ ਮੰਗ ਕੀਤੀ ਹੈ ਕਿ ਤੁਰੰਤ ਇਸ ਪਟਵਾਰੀ ਦੀ ਬਦਲੀ ਕੀਤੀ ਜਾਵੇ ਅਤੇ ਇਸ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਮੁਸੀਬਤ ਦੇ ਸਮੇਂ ਲੋਕਾਂ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਭੇਜੀ ਜਾਣ ਵਾਲੀ ਸਮੱਗਰੀ ਅਤੇ ਮਾਲੀ ਸਹਾਇਤਾ ਨੂੰ, ਇਸ ਪਟਵਾਰੀ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਆਪਣੀ ਮਨਮਰਜ਼ੀ ਕਰ ਰਿਹਾ ਹੈ। ਉੱਪਰੋਂ ਪਿੰਡ ਵਾਲਿਆਂ ਉੱਪਰ ਦਬਾਅ ਵੀ ਬਣਾ ਰਿਹਾ ਹੈ ਕਿ ਜੇਕਰ ਕੋਈ ਉਸ ਦੇ ਵਿਰੁੱਧ ਬੋਲੇਗਾ ਤਾਂ ਉਸ ਦੇ ਮੁਆਵਜ਼ੇ ਸਬੰਧੀ ਉਹ ਰਿਪੋਰਟ ਨਹੀਂ ਕਰੇਗਾ। ਪਟਵਾਰੀ ਦੇ ਵਿਰੁੱਧ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਤਾਂ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ।
ਇਹ ਵੀ ਪੜ੍ਹੋ: ਮੋਦੀ ਕੈਬਿਨੇਟ ਵੱਲੋਂ ਵੱਡੇ ਫ਼ੈਸਲੇ, ਦੇਸ਼ 'ਚ ਖੁੱਲ੍ਹਣਗੇ 75 ਨਵੇਂ ਮੈਡੀਕਲ ਕਾਲਜ