ਮੋਗਾ: ਸ਼ਹਿਰ ਦੇ ਨਗਰ ਨਿਗਮ ਵਾਰਡ 20 ਵਿੱਚ 21 ਜੂਨ ਨੂੰ ਜ਼ਿਮਨੀ ਚੋਣਾਂ 'ਚ ਅਕਾਲੀ ਦਲ ਦੇ ਉਮੀਦਵਾਰ ਜਸਵਿੰਦਰ ਸਿੰਘ ਦੀ ਨਾਮਜ਼ਦਗੀ ਪੱਤਰ ਰੱਦ ਹੋਣ ਬਾਰੇ ਚੋਣ ਅਧਿਕਾਰੀਆਂ ਵੱਲੋਂ ਨੋਟਿਸ ਬੋਰਡ 'ਤੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਕਾਂਗਰਸ ਉਮੀਦਵਾਰ ਦੇ ਜੇਤੂ ਹੋਣ ਦਾ ਇੱਕ ਨੋਟਿਸ ਆਪਣੇ ਦਫ਼ਤਰ ਦੇ ਬਾਹਰ ਲਗਾ ਦਿੱਤਾ ਗਿਆ।
ਇਸ ਸਬੰਧੀ ਸਾਬਕਾ ਕੈਬਿਨੇਟ ਮੰਤਰੀ ਤੋਤਾ ਸਿੰਘ ਦੀ ਅਗਵਾਈ ਹੇਠ ਅਕਾਲੀ-ਭਾਜਪਾ ਦਾ ਸਾਂਝਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ ਤੇ ਇਨਸਾਫ਼ ਦੀ ਮੰਗ ਕੀਤੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਵਫ਼ਦ ਨੂੰ ਨਾਮਜ਼ਦਗੀ ਪੱਤਰ ਰੱਦ ਹੋਣ ਦੀ ਸਰਟਿਫ਼ਾਇਡ ਕਾਪੀ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਰਿਟਰਨਿੰਗ ਅਧਿਕਾਰੀ ਦੇ ਖ਼ਿਲਾਫ਼ ਅਦਾਲਤ 'ਚ ਅਪੀਲ ਕਰ ਸਕਦੇ ਹਨ।
ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਤੋਤਾ ਸਿੰਘ ਨੇ ਕਿਹਾ ਦੀ ਉਹ ਧੱਕੇਸ਼ਾਹੀ ਨਹੀਂ ਹੋਣ ਦੇਣਗੇ ਤੇ ਸਰਟਿਫਾਇਡ ਕਾਪੀ ਲੈਣ ਦੇ ਬਾਅਦ ਹਾਈਕੋਰਟ ਦਾ ਰੁੱਖ ਕਰਨਗੇ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਵਾਰਡ ਨੰਬਰ 20 'ਚ ਅਕਾਲੀ ਦਲ ਦੇ ਕੌਂਸਲਰ ਬਿੱਕਰ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਇਸ ਵਾਰਡ 'ਚ ਜ਼ਿਮਨੀ ਚੋਣਾਂ ਤੈਅ ਸਨ ਜਿਸ ਕਰਕੇ 21 ਜੂਨ ਦੀ ਨੂੰ ਚੋਣਾਂ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਸੀ।
ਇਸ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਕੌਂਸਲਰ ਦੇ ਪੁੱਤਰ ਜਸਵਿੰਦਰ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ, ਜਦ ਕਿ ਕਾਂਗਰਸ ਵੱਲੋਂ ਲਖਵੀਰ ਸਿੰਘ ਨੂੰ ਟਿਕਟ ਦਿੱਤੀ ਗਈ ਸੀ। ਇਸ ਤੋਂ ਬਾਅਦ ਮਾਹੌਲ ਉਦੋਂ ਵਿਗੜ ਗਿਆ ਜਦੋਂ ਸਬੰਧਿਤ ਰਿਟਰਨਿੰਗ ਅਧਿਕਾਰੀ ਗੁਰਵਿੰਦਰ ਸਿੰਘ ਜੌਹਲ ਵੱਲੋਂ ਅਕਾਲੀ ਦਲ ਦੇ ਉਮੀਦਵਾਰ ਸਣੇ ਕਵਰਿੰਗ ਉਮੀਦਵਾਰ ਦੇ ਕਾਗਜ਼ ਗ਼ਲਤ ਹੋਣ ਦਾ ਹਵਾਲਾ ਦਿੰਦਿਆਂ ਦੋਹਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਇਸ ਦੇ ਨਾਲ ਹੀ ਕਾਂਗਰਸ ਉਮੀਦਵਾਰ ਦੇ ਜੇਤੂ ਹੋਣ ਦਾ ਨੋਟਿਸ ਆਪਣੇ ਨੋਟਿਸ ਬੋਰਡ 'ਤੇ ਲਗਾ ਦਿੱਤਾ।