ਮੋਗਾ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਮੋਗਾ ਵਿਖੇ ਕਿਸਾਨਾਂ ਦੇ ਹੱਕ 'ਚ ਸਮਰਥਨ ਕਰਦਿਆਂ ਪਿੰਡ ਡੰਗਰੂ ਵਿੱਚ ਬਣੇ ਅਡਾਨੀ ਦੇ ਸ਼ੈਲਰ ਬਾਹਰ ਸੰਕੇਤਕ ਧਰਨਾ ਲਾਇਆ।
ਇਸ ਧਰਨੇ 'ਚ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਅੰਬਾਨੀ-ਅਡਾਨੀ ਗੋ ਬੈਕ ਦੇ ਨਾਅਰੇ ਲਾ ਕੇ ਰੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਅਡਾਨੀ ਸ਼ੈਲਰ ਦੀਆਂ ਕੰਧਾਂ 'ਤੇ ਕਾਲੀ ਸਿਆਹੀ ਨਾਲ ਇਹ ਨਾਅਰੇ ਵੀ ਲਿੱਖੇ।
ਇਸ ਮੌਕੇ ਮੋਗਾ ਤੋਂ 'ਆਪ' ਦੇ ਹਲਕਾ ਇੰਚਾਰਜ ਨੇ ਨਵਦੀਪ ਸਿੰਘ ਤੇ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕਾਰਪੋਰੇਟ ਘਰਾਨੇ ਪੰਜਾਬੀਆਂ ਨੂੰ ਬੇਫਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਹਿਲਾਂ ਇਥੇ ਸ਼ੈਲਰ ਖੋਲ੍ਹੇ ਗਏ ਤੇ ਹੁਣ ਕਿਸਾਨ ਵਿਰੋਧੀ ਖੇਤੀ ਸੁਧਾਰ ਕਾਨੂੰਨ ਬਣਾ ਕੇ ਕੇਂਦਰੀ ਸਰਕਾਰ ਇਨ੍ਹਾਂ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਨੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਅਜਿਹੇ ਕਾਲੇ ਕਾਨੂੰਨ ਪਾਸ ਨਹੀਂ ਹੋਣ ਦੇਣਗੇ।
'ਆਪ' ਆਗੂਆਂ ਨੇ ਆਖਿਆ ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ ਲਈ ਸੰਘਰਸ਼ ਦੀ ਲੜਾਈ 'ਚ ਪੂਰਾ ਸਾਥ ਦਵੇਗੀ। ਉਨ੍ਹਾਂ ਆਖਿਆ ਕਿ ਬੀਬੀ ਹਰਸਿਮਰਤ ਕੌਰ ਅਜੇ ਵੀ ਇਹ ਕਹਿ ਰਹੇ ਹਨ ਕਿ ਉਹ ਬਿੱਲ ਦੇ ਖਿਲਾਫ ਨਹੀਂ ਹਨ, ਪਰ ਕਿਸਾਨ ਇਸ ਇਨ੍ਹਾਂ ਖੇਤੀ ਬਿੱਲਾਂ ਦੇ ਖਿਲਾਫ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਮਹਿਜ਼ ਆਪਣੀ ਹੋਂਦ ਬਚਾਉਣ ਲਈ ਕਿਸਾਨਾਂ ਦੇ ਨਾਲ ਹੋਣ ਦਾ ਨਾਟਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਇਹ ਕਾਲੇ ਕਾਨੂੰਨ ਲਾਗੂ ਨਹੀਂ ਹੋਣ ਦਿੱਤੇ ਜਾਣਗੇ।