ਮੋਗਾ : ਪਿਛਲੇ ਦਿਨੀਂ ਪੁਲਿਸ ਦੀ ਵਰਦੀ ਪਾ ਕੇ ਖੋਹ ਦੀ ਵਾਰਦਾਤ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਕੋਲੋਂ ਪੁਲਿਸ ਦੀਆਂ ਵਰਦੀਆਂ ਤੇ ਵਾਰਦਾਤ ਵਿਚ ਵਰਤੀ ਗਈ ਕਾਰ, ਮੋਟਰਸਾਈਕਲ ਅਤੇ 53 ਹਜ਼ਾਰ ਰੁਪਏ ਨਗਦੀ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਐਸਐਸਪੀ ਡੀ. ਏਲਨਚੇਜ਼ੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਲੀ ਨੰਬਰ 01 ਪ੍ਰੇਮ ਨਗਰ ਦੇ ਰਹਿਣ ਵਾਲੇ ਸਤੀਸ਼ ਕੁਮਾਰ ਪੁੱਤਰ ਚਰਨ ਦਾਸ ਨੇ ਥਾਣਾ ਸਿਟੀ ਸਾਊਥ ਵਿਖੇ ਆਪਣਾ ਬਿਆਨ ਲਿਖਵਾਇਆ ਸੀ ਕਿ ਉਹ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ ਕਰਿਆਨੇ ਦਾ ਕਾਰੋਬਾਰ ਕਰਦਾ ਹੈ।
ਬੀਤੀ 8 ਤਰੀਕ ਨੂੰ ਵੀ ਦਿੱਤਾ ਸੀ ਲੁੱਟ ਦੀ ਵਾਰਦਾਤ ਨੂੰ ਅੰਜਾਮ : ਮਿਤੀ 8.6.2023 ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਆਪਣੇ ਭਰਾ ਰਾਜ ਕੁਮਾਰ ਨਾਲ ਐਕਟਿਵਾ ਸਕੂਟਰੀ ਉਤੇ ਆਪਣੇ ਘਰ ਜਾ ਰਹੇ ਸੀ। ਸਤੀਸ਼ ਕੁਮਾਰ ਅਤੇ ਉਸਦੇ ਭਰਾ ਕੋਲ ਦੋ-ਤਿੰਨ ਦਿਨ ਦੀ ਸੇਲ ਦੇ ਪੈਸੇ ਤਕਰੀਬਨ 5 ਲੱਖ ਰੁਪਏ ਬੈਗ ਵਿੱਚ ਮੌਜੂਦ ਸਨ ਅਤੇ ਜਦੋਂ ਕਰੀਬ 8:30-08:45 ਸ਼ਾਮ ਨੂੰ ਸਿੰਗਲਾ ਹਸਪਤਾਲ ਗਿੱਲ ਰੋਡ ਮੋਗਾ ਦੇ ਨਜ਼ਦੀਕ ਪਹੁੰਚੇ ਤਾਂ ਉਥੇ ਚਾਰ ਵਿਅਕਤੀ ਜਿਨ੍ਹਾਂ ਦੇ ਪੁਲਿਸ ਦੀਆਂ ਵਰਦੀਆਂ ਪਾ ਕੇ ਉਥੇ ਖੜ੍ਹਾਂ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਇਨੋਵਾ ਗੱਡੀ ਵਿੱਚ ਸਤੀਸ਼ ਅਤੇ ਰਾਜ ਕੁਮਾਰ ਨੂੰ ਸਮੇਤ ਪੈਸਿਆਂ ਵਾਲਾ ਬੈਗ ਸੁੱਟ ਲਿਆ।
ਗੁੁਪਤ ਸੂਚਨਾ ਦੇ ਆਧਾਰ ਉਤੇ ਪੁਲਿਸ ਨੇ ਕੀਤੀ ਕਾਰਵਾਈ : ਉਨ੍ਹਾਂ ਦੱਸਿਆ ਕਿ ਪੁਲਿਸ ਦੀ ਵਰਦੀ ਵਿਚ ਵਿਅਕਤੀਆਂ ਨੇ ਦੋਵਾਂ ਭਰਾਵਾਂ ਨਾਲ ਖੋਹ ਕੀਤੀ ਅਤੇ ਪੈਸਿਆਂ ਵਾਲਾ ਬੈਗ ਅਤੇ ਗਲ਼ ਵਿਚ ਪਾਈ ਸੋਨੇ ਦੀ ਚੇਨ ਲਾਹ ਕੇ ਉਨ੍ਹਾਂ ਨੂੰ ਪਿੰਡ ਦੁਸਾਂਝ ਦੇ ਬਾਈਪਾਸ ਉਤੇ ਬਣੇ ਪੈਟਰੋਲ ਪੰਪ ਦੇ ਨੇੜੇ ਬਣੇ ਖੇਤਾਂ ਵਿੱਚ ਸੁੱਟ ਗਏ, ਜਿਸ ਉਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਥਾਣਾ ਸਿਟੀ ਸਾਊਥ ਵਿਚ ਦਰਜ ਰਜਿਸਟਰ ਕੀਤਾ ਗਿਆ ਸੀ। ਮੁਲਜ਼ਮਾਂ ਦੀ ਭਾਲ ਕਰਨ ਲਈ ਅਜੇ ਰਾਜ ਸਿੰਘ, ਕਪਤਾਨ ਪੁਲਿਸ ਇੰਨਵੈਸਟੀਗੇਸ਼ ਮੋਗਾ ਅਤੇ ਹਰਿੰਦਰ ਸਿੰਘ, ਉਪ ਕਪਤਾਨ ਪੁਲਿਸ ਆਈ ਮੋਗਾ ਦੀ ਅਗਵਾਈ ਵਿਚ ਇੰਸ. ਕਿੱਕਰ ਸਿੰਘ ਇੰਚਾਰਜ ਸੀਆਈਏ ਸਟਾਫ ਮੈਹਿਣਾ ਅਤੇ ਸਬ-ਇੰਸ ਅਮਨਦੀਪ ਕੰਬੌਜ, ਮੁੱਖ ਅਫਸਰ ਥਾਣਾ ਸਿਟੀ ਸਾਊਥ ਮੋਗਾ ਦੀਆ ਵੱਖ-ਵੱਖ ਟੀਮਾਂ ਬਣਾਈਆ ਗਈਆ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਗਈ, ਜਿਨ੍ਹਾਂ ਵਿਚੋਂ ਚਾਰ ਮੁਲਜ਼ਮ ਇਸ ਸਮੇਂ ਬੱਧਨੀ ਕਲਾਂ ਦੇ ਮੇਨ ਰੋਡ ਉਤੇ ਖੜ੍ਹੇ ਸਨ। ਪੁਲਿਸ ਨੇ ਸੂਚਨਾ ਦੇ ਆਧਾਰ ਉਤੇ ਕਾਰਵਾਈ ਕਰਦਿਆਂ ਚਾਰਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ।