ਮੋਗਾ: 24ਵੀਂ ਜ਼ਿਲ੍ਹਾ ਅਥਲੈਟਿਕਸ ਮੀਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿੱਚ ਚੱਲ ਰਹੀ ਹੈ। ਇਸ ਵਿੱਚ ਮੋਗਾ ਜ਼ਿਲ੍ਹੇ ਦੇ 10 ਜ਼ੋਨਾਂ ਦੇ ਬੱਚੇ ਵੱਖ ਵੱਖ ਖੇਡਾਂ ਵਿੱਚ ਭਾਗ ਲੈ ਰਹੇ ਹਨ। ਇਹ ਅਥਲੈਟਿਕਸ ਮੀਟ 22 ਅਕਤੂਬਰ ਤੋਂ 25 ਅਕਤੂਬਰ ਤੱਕ ਚੱਲੇਗੀ, ਜਿਸ ਵਿੱਚ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।
ਇਸ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੌਰਾਨ ਬਿਲਾਸਪੁਰ ਪਿੰਡ ਦੀ ਕਲੱਬ ਅਤੇ ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਟੂਰਨਾਮੈਂਟ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਇਸ 'ਚ ਬੱਚਿਆਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਹ ਸਾਰੀ ਜਾਣਕਾਰੀ ਡੀਈਓ ਮੋਗਾ ਜਸਪਾਲ ਸਿੰਘ ਔਲਖ ਨੇ ਗੱਲਬਾਤ ਦੌਰਾਨ ਸਾਂਝੀ ਕੀਤੀ।
ਅਥਲੈਟਿਕਸ ਮੀਟ ਬਾਰੇ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਸਰਕਾਰੀ ਸਕੂਲ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਭਾਗ ਲੈ ਰਹੇ ਹਨ ਅਤੇ ਬੱਚਿਆਂ ਵਿੱਚ ਖੇਡਾਂ ਪ੍ਰਤੀ ਵਧੀਆ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਇੱਥੋਂ ਜਿੱਤ ਕੇ ਬੱਚੇ ਅੱਗੇ ਸਟੇਟ ਲੈਵਲ ਤੇ ਖੇਡਣਗੇ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰਨਗੇ ।
ਵੱਖ ਵੱਖ ਖੇਡਾਂ ਵਿਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇੱਥੋਂ ਤੱਕ ਪਹੁੰਚਣ ਵਿੱਚ ਉਨ੍ਹਾਂ ਦੇ ਸਕੂਲ ਸਟਾਫ, ਮਾਤਾ ਪਿਤਾ ਅਤੇ ਕੋਚ ਸਾਹਿਬਾਨ ਦਾ ਵੱਡਾ ਹੱਥ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਟੂਰਨਾਮੈਂਟ ਦੀ ਮੈਨੇਜਮੈਂਟ ਕਮੇਟੀ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਟੂਰਨਾਮੈਂਟ ਦੌਰਾਨ ਇੰਨ੍ਹੇ ਵਧੀਆ ਪ੍ਰਬੰਧ ਕੀਤੇ ਹਨ।