ਮੋਗਾ: ਪਿੰਡ ਚੂਹੜਚੱਕ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਲੰਘੀ 6 ਜੂਨ ਤੋਂ ਦੋ ਧਿਰਾਂ ਵਿਚਾਲੇ ਚੱਲ ਰਹੀ ਰੰਜਿਸ਼ ਨੇ ਖ਼ੂਨੀ ਰੂਪ ਧਾਰ ਲਿਆ। ਦਰਅਸਲ ਸ਼ੁੱਕਰਵਾਰ ਨੂੰ ਇਸੇ ਰੰਜਿਸ਼ ਦੇ ਚਲਦਿਆਂ ਇੱਕ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ ਹਨ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਇਹ ਸਭ ਕੁੱਝ ਪੁਲਿਸ ਦੀ ਹਾਜ਼ਰੀ ਵਿਚ ਹੋਇਆ ਹੈ, ਜੇ ਪੁਲਿਸ ਚਾਹੁੰਦੀ ਤਾਂ ਰੋਕ ਸਕਦੀ ਸੀ। ਮ੍ਰਿਤਕ ਸ਼ਮਸ਼ੇਰ ਸਿੰਘ ਦੇ ਭਤੀਜੇ ਨੇ ਦੱਸਿਆ ਉਸ ਦਾ ਚਾਚਾ ਆਪਣੇ ਭਰਾਵਾਂ ਨਾਲ ਆਪਣੀ ਭੈਣ ਨੂੰ ਮਿਲਣ ਗਿਆ ਸੀ ਅਤੇ ਜਦੋਂ ਉਹ ਧੂੜਕੋਟ ਤੋਂ ਬੁੱਟਰ ਵੱਲ ਜਾ ਰਹੇ ਸਨ ਤਾਂ ਦੂਜੀ ਧਿਰ ਨੇ ਪੁਲਿਸ ਚੌਂਕੀ ਬਲਖੰਡੀ ਦੇ ਇੰਚਾਰਜ ਨਾਲ ਮਿਲਕੇ ਉਨ੍ਹਾਂ ਦੀ ਤੇਜ਼ ਆ ਰਹੀ ਗੱਡੀ ਨੂੰ ਪਲਟਾ ਦਿੱਤਾ ਜਿਸ ਕਾਰਨ ਚਾਚੇ ਦੀ ਮੌਤ ਹੋ ਗਈ ਅਤੇ ਬਾਕੀ ਜ਼ਖ਼ਮੀ ਹੋ ਗਏ।
ਇਸ ਮੌਕੇ ਜ਼ਖ਼ਮੀਆਂ ਦੇ ਬਿਆਨ ਦਰਜ ਕਰਵਾਉਣ ਗਏ ਡੀਐੱਸਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਦੋ ਪਰਿਵਾਰਾਂ ਦਾ ਆਪਸ ਵਿੱਚ ਟਕਰਾਅ ਚੱਲਦਾ ਸੀ। ਬੀਤੀ ਰਾਤ ਸ਼ਮਸ਼ੇਰ ਸਿੰਘ ਆਪਣੇ ਭਰਾਵਾਂ ਨਾਲ ਦੋਧਰ ਤੋਂ ਮੋਗਾ ਵੱਲ ਆ ਰਿਹਾ ਸੀ ਜਦੋਂ ਉਹ ਬੁੱਟਰ ਤੋ ਧੂੜਕੋਟ ਵਿਚਕਾਰ ਪੁੱਜੇ ਤਾਂ ਦੂਜੀ ਧਿਰ ਨੇ ਇਨ੍ਹਾਂ ਦੀ ਗੱਡੀ ਮਗਰ ਆਪਣੀ ਗੱਡੀ ਲਗਾ ਦਿੱਤੀ ਜਿਸ ਕਾਰਨ ਉਨ੍ਹਾਂ ਦੀ ਗੱਡੀ ਸੜਕ ਤੋਂ ਧੱਲੇ ਲਹਿ ਕੇ ਪਲਟ ਗਈ।
ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਸ਼ਮਸ਼ੇਰ ਸਿੰਘ ਦੀ ਮੌਤ ਹੋ ਗਈ ਅਤੇ ਬਾਕੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਜਿਸ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।