ਮਾਨਸਾ: ਜ਼ਿਲ੍ਹੇ ਵਿੱਚ ਭੱਠਾ ਮਜ਼ਦੂਰਾਂ ਦੇ ਸਬਰ ਦਾ ਬੰਨ੍ਹ ਉਸ ਸਮੇਂ ਟੁੱਟ ਗਿਆ ਜਦੋਂ ਉਨ੍ਹਾਂ ਨੇ ਪੁਲਿਸ ਬੈਰੀਕੇਡਿੰਗ ਨੂੰ ਤੋੜ ਕੇ ਮਾਨਸਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕੀਤਾ। ਇਸ ਦੌਰਾਨ ਭੱਠਾ ਮਜ਼ਦੂਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਵਾਸੀ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਮਜ਼ਦੂਰ ਯੁਨੀਅਨ ਦੀ ਸ਼ਰੇਆਮ ਸੂਬੇ ਅੰਦਰ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਹਫ਼ਤਾ ਪਹਿਲਾਂ ਡੀਸੀ ਦਫ਼ਤਰ ਦਾ ਘਿਰਾਓ ਕਰਨ ਸਬੰਧੀ ਉਨ੍ਹਾਂ ਵੱਲੋਂ ਨੋਟੀਫਿਕੇਸ਼ਨ ਦਿੱਤਾ ਗਿਆ ਸੀ ਪਰ ਮੌਕੇ ਉੱਤੇ ਡੀਸੀ ਮਾਨਸਾ ਫਰਾਰ ਹੋ ਗਏ।
ਮਜ਼ਦੂਰਾਂ ਦਾ ਹੋ ਰਿਹਾ ਸ਼ੋਸ਼ਣ: ਮਜ਼ਦੂਰ ਯੂਨੀਅਨ ਦੇ ਆਗੂ ਨੇ ਕਿਹਾ ਕਿ ਭਾਵੇਂ ਸਰਕਾਰੀ ਕਾਨੂੰਨਾਂ ਅਤੇ ਅਦਾਲਤੀ ਹੁਕਮਾਂ ਵਿੱਚ ਮਜ਼ਦੂਰਾਂ ਦੇ ਬਹੁਤ ਸਾਰੇ ਹੱਕ-ਹਕੂਕ ਨੇ ਪਰ ਇੱਥੇ ਸਨਅਤਕਾਰ ਅਤੇ ਠੇਕੇਦਾਰ ਸ਼ਰੇਆਮ ਉਨ੍ਹਾਂ ਦੇ ਬਣਦੇ ਹੱਕਾਂ ਦੀ ਲੁੱਟ ਕਰਦੇ ਨੇ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਭੱਠਾ ਮਾਲਕ ਉਨ੍ਹਾਂ ਤੋਂ ਮਰਜ਼ੀ ਨਾਲ ਕਈ-ਕਈ ਘੰਟੇ ਕੰਮ ਕਰਵਾਉਂਦੇ ਨੇ ਅਤੇ ਉੱਥੇ ਹੀ ਜਦੋਂ ਉਹ ਆਪਣੀ ਮਿਹਨਤ ਦੇ ਪੈਸੇ ਮੰਗਦੇ ਨੇ ਤਾਂ ਭੱਠਾ ਮਾਲਿਕ ਮਰਜ਼ੀ ਨਾਲ ਉਨ੍ਹਾਂ ਨੂੰ ਮਜ਼ਦੂਰੀ ਦਿੰਦੇ ਨੇ। ਉਨ੍ਹਾਂ ਕਿਹਾ ਦੂਜੇ ਪਾਸੇ ਜਦੋਂ ਵੀ ਕੋਈ ਸਨਅਤਕਾਰ ਫੈਕਟਰੀ ਲਗਾਉਂਦਾ ਹੈ ਤਾਂ ਉਹ ਮਜ਼ਦੂਰਾਂ ਦੇ ਰਹਿਣ-ਸਹਿਣ ਸਮੇਤ ਹਰ ਇੱਕ ਜ਼ਿੰਮੇਵਾਰੀ ਲੈਣ ਲਈ ਕਾਨੂੰਨੀ ਪ੍ਰਕਿਰਿਆ ਪੂਰੀ ਕਰਦਾ ਹੈ। ਉਨ੍ਹਾਂ ਕਿਹਾ ਸਨਅਤਕਾਰ ਧੱਕੇ ਨਾਲ ਮਜ਼ਦੂਰ ਨੂੰ ਲੈਕੇ ਆਉਂਦੇ ਨੇ ਅਤੇ ਬਾਅਦ ਵਿੱਚ ਨਾ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਨਾ ਹੀ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਵੱਲ ਵੇਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮਜ਼ਦੂਰ ਇੱਟਾਂ ਦੇ ਕੱਚੇ ਮਕਾਨ ਬਣਾ ਕੇ ਰਹਿ ਰਹੇ ਨੇ ਜਿਸ ਵਿੱਚ ਕਦੇ ਵੀ ਕੋਈ ਸੱਪ ਜਾ ਜਾਨਲੇਵਾ ਕੀੜਿਆਂ ਦਾ ਡਰ ਬਣਿਆ ਰਹਿੰਦਾ ਹੈ।
ਡੀਸੀ ਮੌਕੇ ਤੋਂ ਹੋਏ ਫਰਾਰ: ਮਜ਼ਦੂਰਾਂ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਕਈ ਅਧਿਕਾਰੀ-ਲੋਟੂ ਭੱਠਾ ਮਾਲਕਾਂ ਨਾਲ ਮਿਲ ਕੇ ਮਜਦੂਰਾਂ ਦੀ ਕਿਰਤ ਨੂੰ ਸ਼ਰੇਆਮ ਲੁੱਟ ਦੇ ਹਨ। ਪ੍ਰਵਾਸੀ ਮਜ਼ਦੂਰ ਨੇ ਕਿਹਾ ਕਿ ਹੱਕਾਂ ਦਾ ਹਿਸਾਬ ਲੈਣ ਲਈ ਉਹ ਸਰਕਾਰੀ ਨੁਮਾਇੰਦੇ ਦੇ ਦਫ਼ਤਰ ਅੱਗੇ ਪਹੁੰਚੇ ਸਨ ਪਰ ਨੁਮਾਇੰਦੇ ਮੌਕੇ ਉੱਤੇ ਗਾਇਬ ਹੋ ਗਏ। ਇਸ ਤੋਂ ਮਗਰੋਂ ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਭੱਠਾ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਘਿਰਾਓ ਕਰਨਗੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਦੇ ਲਈ ਆਏ ਸੀ ਪਰ ਡਿਪਟੀ ਕਮਿਸ਼ਨਰ ਉਨ੍ਹਾਂ ਦੇ ਦਫ਼ਤਰ ਆਉਣ ਤੋਂ ਪਹਿਲਾਂ ਹੀ ਚਲੇ ਗਏ ਜਿਸ ਕਾਰਨ ਹੁਣ ਉਹ ਇਸ ਥਾਂ ਉੱਤੇ ਬਹਿ ਕੇ ਪ੍ਰਦਰਸ਼ਨ ਕਰ ਰਹੇ ਨੇ।
ਇਹ ਵੀ ਪੜ੍ਹੋ: Punjab leg of G20 in Amritsar: ਗੁਰੂ ਨਗਰ ਵਿੱਚ ਹੋਣ ਵਾਲੇ ਜੀ 20 ਸੰਮੇਲਨ ਦਾ ਕਿਸਾਨਾਂ ਵੱਲੋਂ ਵਿਰੋਧ