ਮਾਨਸਾ: ਜ਼ਿਲ੍ਹੇ ਵਿੱਚ ਚੱਲ ਰਹੇ ਖੇਤੀ ਕਾਨੂੰਨਾਂ ਖਿਲਾਫ ਧਰਨੇ ਦੌਰਾਨ ਇਸਤਰੀ ਜਥੇਬੰਦੀਆਂ ਨੇ ਹਾਥਰਸ ਕਾਂਡ ਅਤੇ ਸਮੁੱਚੇ ਦੇਸ਼ ਵਿੱਚ ਔਰਤਾਂ ਨਾਲ ਵਾਪਰ ਰਹੀਆਂ ਘਟਨਾਵਾਂ ਦੇ ਵਿਰੋਧ ਵਿੱਚ ਰੇਲਵੇ ਸਟੇਸ਼ਨ ਤੋਂ ਲੈਕੇ ਦਾਣਾ ਮੰਡੀ ਤੱਕ ਮੁਜਾਹਰਾ ਕੀਤਾ। ਇਸ ਦੌਰਾਨ ਉਨ੍ਹਾਂ ਯੋਗੀ ਅਤੇ ਮੋਦੀ ਸਰਕਾਰ ਦਾ ਪੁਤਲਾ ਵੀ ਫੁਕਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਔਰਤਾਂ ਨਾਲ ਹੋ ਰਹੀਆਂ ਵਧੀਕੀਆਂ ਦੇ ਵਿਰੋਧ ਵਿੱਚ ਮੁਜਾਹਰਾ ਕਰ ਰਹੀਆਂ ਔਰਤਾਂ ਨੇ ਕਿਹਾ ਕਿ ਹਾਥਰਸ ਘਟਨਾ ਵਿੱਚ ਦੀ ਪੀੜਤ ਨਾਲ ਪਹਿਲਾਂ ਬਲਾਤਕਾਰ ਕਰਕੇ ਫਿਰ ਉਸਦੀ ਜੀਭ ਕੱਟ ਦਿੱਤੀ ਗਈ। ਪੀੜਤਾ ਦੀ ਮੌਤ ਮਗਰੋਂ ਉਸਦੇ ਪਰਿਵਾਰ ਨੂੰ ਨਾ ਮਿਲਣ ਦੇਣ 'ਤੇ ਜਥੇਬੰਦੀਆਂ ਨੇ ਯੋਗੀ ਸਰਕਾਰ ਦੇ ਰਵੱਈਏ ਨੂੰ ਮਾੜਾ ਦਸਿਆ ਅਤੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ।
ਯੂਪੀ ਹੋਵੇ ਜਾਂ ਹਰਿਆਣਾ ਕੋਈ ਵੀ ਜਗ੍ਹਾ ਔਰਤਾਂ ਲਈ ਸੁਰੱਖਿਅਤ ਪ੍ਰਬੰਧ ਨਹੀਂ ਹਨ। ਇਸਦੇ ਰੋਸ ਵਜੋਂ ਅਸੀ ਅੱਜ ਯੋਗੀ ਤੇ ਮੋਦੀ ਦੀ ਅਰਥੀ ਫੂਕ ਰਹੇ ਹਾਂ ਕਿਉਂਕਿ ਮੋਦੀ ਦੇ ਔਰਤਾਂ ਦੀ ਸੁਰੱਖਿਆ ਵੱਲ ਨਾ ਧਿਆਨ ਦੇਣ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਇਕ ਦੇਸ਼ ਲਈ ਮੰਦਭਾਗੀ ਗੱਲ ਹੈ।
ਉਨ੍ਹਾਂ ਮੰਗ ਕੀਤੀ ਕਿ ਹਾਥਰਸ ਪੀੜਤਾ ਦੇ ਕਾਤਲਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਦਿੱਤੀ ਜਾਵੇ ਅਤੇ ਹੋਰ ਪੀੜਤ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਰੁਕ ਸਕਣ ਅਤੇ ਦੇਸ਼ ਸੁਰੱਖਿਅਤ ਹੋ ਸਕੇ।