ਮੁਹਾਲੀ : ਹਾਲ ਹੀ 'ਚ ਅਮਰੀਕਾ ਸਰਕਾਰ ਵੱਲੋਂ ਸਖ਼ਤੀ ਦਿਖਾਉਂਦੇ ਹੋਏ ਜਿਥੇ ਗੈਰ-ਕਾਨੂੰਨੀ ਭਾਰਤੀਆਂ ਨੂੰ ਵਾਪਿਸ ਭੇਜਿਆ ਹੈ ਅਤੇ ਪਰਿਵਾਰ ਉਨ੍ਹਾਂ ਲੋਕਾਂਂ ਨੂੰ ਸਹੀ ਸਲਾਮਤ ਪਰਤਿਆ ਵੇਖ ਕੇ ਖੁਸ਼ ਹਨ, ਤਾਂ ਉਥੇ ਹੀ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦਾ ਇੱਕ ਪਰਿਵਾਰ ਸ਼ਾਇਦ ਇਨ੍ਹਾਂ ਖੁਸ਼ਕਿਸਮਤ ਨਹੀਂ ਸੀ ਕਿ ਉਹ ਆਪਣੇ ਨੌਜਵਾਨ ਪੁੱਤ ਨੂੰ ਵਾਪਿਸ ਦੇਖ ਸਕਦਾ। ਦਰਅਸਲ ਮੁਹਾਲੀ ਤੋਂ 43 ਲੱਖ ਲਗਾ ਕੇ ਅਮਰੀਕਾ ਜਾ ਰਹੇ 24 ਸਾਲਾ ਰਣਦੀਪ ਸਿੰਘ ਦੀ ਰਸਤੇ ਵਿੱਚ ਤਬੀਅਤ ਖਰਾਬ ਹੋਣ ਕਾਰਨ ਮੌਤ ਹੋ ਗਈ। ਏਜੰਟ ਨੇ ਉਸ ਨੂੰ ਕੈਨੇਡਾ ਰਾਹੀਂ ਅਮਰੀਕਾ ਲਿਜਾਣ ਦਾ ਦਾਅਵਾ ਕੀਤਾ ਸੀ ਪਰ ਜਦ ਤੱਕ ਰਣਦੀਪ ਅਮਰੀਕਾ ਜਾਂਦਾ ਉਸ ਤੋਂ ਪਹਿਲਾਂ ਉਹ ਕਈ ਮਹੀਨੇ ਤੱਕ ਵੀਅਤਨਾਮ ਅਤੇ ਫਿਰ ਕੰਬੋਡੀਆ ਵਿੱਚ ਫਸਿਆ ਰਿਹਾ। ਇਸ ਦੌਰਾਨ ਉਹ ਬੀਮਾਰ ਹੋ ਗਿਆ ਅਤੇ ਉਸ ਨੂੰ ਕਿਸੇ ਤਰ੍ਹਾਂ ਦਾ ਇਲਾਜ ਵੀ ਨਹੀਂ ਮਿਲਿਆ, ਜਿਸ ਕਾਰਨ ਇਨਫੈਕਸ਼ਨ ਇੰਨਾ ਵਧ ਗਿਆ ਕਿ ਉਸ ਦੀ ਮੌਤ ਹੋ ਗਈ।
ਨੌਜਵਾਨ ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਪਰਿਵਾਰ ਨੇ ਸੂਬਾ ਸਰਕਾਰ ਅਤੇ ਭਾਰਤ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਿਸ ਲਿਆਂਦਾ ਜਾਵੇ ਤਾਂ ਜੋ ਆਖਰੀ ਵਾਰ ਆਪਣੇ ਪੁੱਤ ਨੂੰ ਦੇਖ ਸਕਣ।
ਮਜ਼ਦੂਰ ਪਰਿਵਾਰ ਨੇ ਲੱਖਾਂ ਰੁਪਏ ਇਕੱਠੇ ਕੀਤੇ
ਜ਼ਿਕਰਯੋਗ ਹੈ ਕਿ ਡੇਰਾਬੱਸੀ ਦੇ ਪਿੰਡ ਸ਼ੇਖਪੁਰਾ ਕਲਾਂ ਦਾ 24 ਸਾਲਾ ਰਣਦੀਪ ਸਿੰਘ 10ਵੀਂ ਪਾਸ ਸੀ ਅਤੇ ਪਰਿਵਾਰ ਵਿੱਚ ਸਭ ਤੋਂ ਛੋਟਾ ਸੀ। ਪਰਿਵਾਰ ਬੇੱਹਦ ਗਰੀਬ ਹੈ ਅਤੇ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੈ। ਰਣਦੀਪ ਨੇ ਆਪਣੇ ਘਰ ਦੀ ਹਾਲਤ ਸੁਧਾਰਨ ਲਈ ਅਮਰੀਕਾ ਜਾਣ ਬਾਰੇ ਸੋਚਿਆ। ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਉਸ ਨੇ ਅੰਬਾਲਾ ਵਿੱਚ ਰਹਿਣ ਵਾਲੇ ਇੱਕ ਰਿਸ਼ਤੇਦਾਰ ਟ੍ਰੈਵਲ ਏਜੰਟ ਨਾਲ ਸੰਪਰਕ ਕੀਤਾ। ਏਜੰਟ ਨੇ ਪਹਿਲਾਂ 50 ਲੱਖ ਰੁਪਏ ਮੰਗੇ ਪਰ ਗੱਲਬਾਤ ਤੋਂ ਬਾਅਦ ਘਟਾ ਕੇ 43 ਲੱਖ ਰੁਪਏ ਦੀ ਗੱਲ ਕੀਤੀ।
ਪਰਿਵਾਰ ਕਿਸੇ ਤਰ੍ਹਾਂ ਪੁੱਤਰ ਲਈ ਪੈਸੇ ਦਾ ਪ੍ਰਬੰਧ ਕਰਨ ਵਿੱਚ ਕਾਮਯਾਬ ਹੋ ਗਿਆ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਤੋਂ ਪੈਸੇ ਉਧਾਰ ਲਏ ਅਤੇ 1 ਜੂਨ, 2024 ਨੂੰ ਆਪਣੇ ਪੁੱਤ ਨੂੰ ਅਮਰੀਕਾ ਲਈ ਰਵਾਨਾ ਕੀਤਾ। ਪਰ ਇਸ ਦੌਰਾਨ ਅਮਰੀਕਾ ਵਿੱਚ ਟਰੰਪ ਦੀ ਸਰਕਾਰ ਸੱਤਾ ਵਿੱਚ ਆ ਗਈ ਏਜੰਟ ਨੂੰ ਇਹ ਵੀ ਪਤਾ ਲੱਗਾ ਕਿ ਟਰੰਪ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ ਵਿਰੁੱਧ ਕਾਰਵਾਈ ਕਰਨਗੇ। ਸਰਹੱਦ 'ਤੇ ਵੀ ਸਖ਼ਤੀ ਸੀ ਤਾਂ ਏਜੰਟ ਨੇ ਉਸ ਨੂੰ ਉੱਥੇ ਹੀ ਰੋਕ ਲਿਆ। ਉਹ ਨਾ ਤਾਂ ਉਨ੍ਹਾਂ ਨੂੰ ਅੱਗੇ ਭੇਜ ਰਿਹਾ ਸੀ ਅਤੇ ਨਾ ਹੀ ਵਾਪਸ ਭਾਰਤ ਬੁਲਾ ਪਾ ਰਿਹਾ ਸੀ।
- ਆਖ਼ਰ ਕੀ ਹੈ 'ਡੌਂਕੀ ਰੂਟ', ਕਿਵੇਂ 25-30 ਲੱਖ ਦੇ ਕੇ ਵੀ ਇਸ ਰਸਤੇ ਮੌਤ ਦੀ ਭੇਂਟ ਚੜ੍ਹ ਜਾਂਦੇ ਨੇ ਲੋਕ, ਆਓ ਇਸ ਪੰਜਾਬੀ ਫਿਲਮ ਰਾਹੀਂ ਸਮਝੀਏ
- 18 ਪਹਾੜੀਆਂ ਕੀਤੀਆਂ ਪਾਰ, ਦੇਖੀਆਂ ਲਾਸ਼ਾਂ, 'ਡੰਕੀ' ਰਾਹੀਂ ਅਮਰੀਕਾ ਪਹੁੰਚੇ ਪੰਜਾਬੀ ਨੇ ਦੱਸੀ ਦੁਖ ਭਰੀ ਕਹਾਣੀ...
- 'ਫਲੱਸ਼ ਦੀ ਪੇਟੀ ਵਾਲਾ ਪਾਣੀ ਪੀ ਕੇ ਕੀਤਾ ਗੁਜ਼ਾਰਾ', 'ਅੱਖਾਂ ਸਾਹਮਣੇ ਪਈਆਂ ਦੇਖੀਆਂ 40 ਲਾਸ਼ਾਂ", ਅੰਦਰ ਤੱਕ ਝੰਝੋੜ ਦੇਵੇਗੀ ਪਨਾਮਾ ਦੇ ਖੂਨੀ ਜੰਗਲਾਂ ਦੀ ਦਾਸਤਾਨ!
ਏਜੰਟ ਨੇ ਜ਼ਬਤ ਕੀਤਾ ਪਾਸਪੋਰਟ
ਇਸ ਵਿਚਾਲੇ ਪਰਿਵਾਰ ਨੇ 20 ਫਰਵਰੀ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ 8 ਮਹੀਨਿਆਂ ਤੋਂ ਉਨ੍ਹਾਂ ਦਾ ਪੁੱਤ ਕੰਬੋਡੀਆ ਵਿੱਚ ਫਸਿਆ ਹੋਇਆ ਹੈ ਅਤੇ ਰਿਸ਼ਤੇਦਾਰ ਏਜੰਟ ਉਨ੍ਹਾਂ ਦੇ ਪੁੱਤ ਦਾ ਪਾਸਪੋਰਟ ਵੀ ਜ਼ਬਤ ਕਰਕੇ ਬੈਠਾ ਹੈ, ਉਸ ਦੀ ਸਿਹਤ ਵੀ ਖ਼ਰਾਬ ਹੋ ਰਹੀ ਹੈ ਉਸ ਦਾ ਇਲਾਜ ਤੱਕ ਨਹੀਂ ਹੋ ਰਿਹਾ। ਜਦ ਤੱਕ ਪੁਲਿਸ ਕੋਈ ਕਾਰਵਾਈ ਕਰਦੀ ਤਾਂ ਪਹਿਲਾਂ ਹੀ ਰਣਦੀਪ ਦੀ ਮੌਤ ਦੀ ਖਬਰ ਵੀ ਆ ਗਈ ਅਤੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪਰਿਵਾਰ ਨੇ ਉਕਤ ਏਜੰਟ 'ਤੇ ਕਾਰਵਾਈ ਕਰਨ ਅਤੇ ਉਨ੍ਹਾਂ ਦੇ ਪੁੱਤਰ ਦੀ ਦੇਹ ਲਿਆਉਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਸਭ ਦੇ ਵਿਚਾਲੇ ਨੌਜਵਾਨ ਰਣਦੀਪ ਸਿੰਘ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਥੇ ਉਸ ਦੇ ਹੱਥ ਬੰਨੇ ਹੋਏ ਹਨ ਅਤੇ ਉਹ ਜ਼ਮੀਨ 'ਤੇ ਪਿਆ ਤੜਫ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੌਤ ਤੋਂ ਪਹਿਲਾਂ ਦੀ ਇਹ ਆਖਰੀ ਵੀਡੀਓ ਹੈ ਜੋ ਕੁਝ ਲੋਕਾਂ ਵੱਲੋਂ ਬਣਾਈ ਗਈ ਸੀ।