ਪਟਿਆਲਾ : ਈਟੀਵੀ ਭਾਰਤ ਹਮੇਸ਼ਾ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਹਿਲ ਦਿੰਦਾ ਰਿਹਾ ਹੈ। ਆਪਣੀਆਂ ਖ਼ਬਰਾਂ ਰਾਹੀਂ ਪੰਜਾਬੀ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਹੀ ਯਤਨ ਕਰਦਾ ਰਿਹਾ ਅਤੇ ਲੋਕਾਂ ਨਾਲ ਇਸ ਸਬੰਧੀ ਸਾਂਝ ਪਾਉਂਦਾ ਰਿਹਾ ਹੈ। ਜਿਥੇ ਪੰਜਾਬੀ ਨੌਜਵਾਨਾਂ 'ਚ ਬਾਹਰਲੇ ਦੇਸ਼ਾਂ 'ਚ ਜਾਣ ਦਾ ਰੁਝਾਨ ਕਾਫੀ ਵਧਿਆ ਹੋਇਆ ਉੱਥੇ ਹੀ ਗੁਰਮੁਖੀ ਦੀ ਧੀ ਅਜਿਹੇ ਲੋਕਾਂ ਲਈ ਇਕ ਮਿਸਾਲ ਬਣ ਕੇ ਉਭਰ ਰਹੀ ਹੈ। ਮਾਲਵੇ ਦੀ ਧੀ ਵੱਲੋਂ ਅਪਣਾਇਆ ਗਿਆ ਕਿੱਤਾ ਇਕ ਵਿਲੱਖਣ ਸੁਨੇਹਾ ਦੇ ਰਿਹਾ ਹੈ।
ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਨਾਲ-ਨਾਲ ਪਲੀਤ ਹੋ ਰਹੇ ਚੌਗਿਰਦੇ ਨੂੰ ਬਚਾਉਣ ਦਾ ਵੀ ਸੁਨੇਹਾ ਦੇ ਰਹੀ ਹੈ। ਉਹ ਇਸ ਕਿੱਤੇ ਨਾਲ ਹੀ ਆਪਣਾ ਗੁਜ਼ਾਰਾ ਕਰ ਰਹੀ ਹੈ। ਸੰਗਰੂਰ ਜ਼ਿਲ੍ਹੇ ਦੇ ਦਿਆਲਗੜ੍ਹ ਪਿੰਡ ਦੀ ਰੁਪਿੰਦਰ ਕੌਰ ਜੋ ਕਿ ਬਸਤੇ ਯਾਨੀ ਕੇ ਝੋਲੇ ਜਾਂ ਥੈਲੇ ਵੀ ਕਹਿ ਸਕਦੇ ਹਾਂ ਉਸ ਉੱਤੇ ਪੈਂਤੀ ਅੱਖਰੀ ਦੀ ਕਢਾਈ ਕਰ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਪੰਜਾਬ ਵਿੱਚ ਰਹਿ ਕੇ ਆਪਣੀ ਹੱਥੀਂ ਕੰਮ ਕਰਕੇ ਰੁਪਿੰਦਰ ਕੌਰ ਮਿਸਾਲ ਬਣ ਰਹੀ ਹੈ ਕਿ ਆਈਲੈਟਸ ਕਰਕੇ ਵਿਦੇਸ਼ਾਂ ਵਿੱਚ ਜਾਣ ਦੀ ਕੋਈ ਜ਼ਰੂਰਤ ਨਹੀਂ ਇੱਥੇ ਹੀ ਮਿਹਨਤ ਕਰਕੇ ਰੋਟੀ ਕਮਾਈ ਜਾ ਸਕੇ।

ਇਸ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਹੈ ਤੇ ਸਿੰਗਲ ਪਲਾਸਟਿਕ ਵਰਤੋਂ ਦੀ ਪਾਬੰਦੀ ਤੋਂ ਬਾਅਦ ਵਾਤਾਵਰਣ ਨੂੰ ਵੀ ਸਾਫ ਸੁਥਰਾ ਕਰਨ ਲਈ ਯੋਗਦਾਨ ਪਾ ਰਹੀ ਹੈ। ਰੁਪਿੰਦਰ ਕੌਰ ਸਿੰਗਲ ਪਲਾਸਟਿਕ ਉਤੇ ਪੰਜਾਬੀ ਮਾਂ ਬੋਲੀ ਦੀ ਕਢਾਈ ਕਰਕੇ ਪੰਜਾਬੀ ਭਾਸ਼ਾ ਨੂੰ ਪ੍ਰਫੁਲੱਤ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਪਲੀਤ ਹੋ ਰਹੇ ਚੌਗਿਰਦੇ ਦੀ ਸੰਭਾਲ ਦਾ ਸੁਨੇਹਾ ਵੀ ਦੇ ਰਹੀ ਹੈ।

ਅੰਤਰਰਾਸ਼ਟਰੀ ਮਾਤ ਬੋਲੀ ਦਿਵਸ
ਇੱਥੇ ਰੁਪਿੰਦਰ ਕੌਰ ਨੇ ਇਹ ਵੀ ਕਿਹਾ ਕਿ ਪੰਜਾਬੀ ਨੂੰ ਸਿਰਫ ਅੰਤਰਰਾਸ਼ਟਰੀ ਮਾਤ ਬੋਲੀ ਦਿਵਸ ਦੇ ਨੇੜੇ ਹੀ ਯਾਦ ਕੀਤਾ ਜਾਂਦਾ ਹੈ । ਉਹਨਾਂ ਦਿਨਾਂ ਦੇ ਵਿੱਚ ਹੀ ਮਾਂ ਬੋਲੀ ਨੂੰ ਲੈ ਕੇ ਪ੍ਰੋਗਰਾਮ ਅਤੇ ਸੈਮੀਨਾਰ ਕਰਵਾਏ ਜਾਂਦੇ ਨੇ ਪਰ ਆਮ ਦਿਨਾਂ ਦੇ ਵਿੱਚ ਇਹ ਪੰਜਾਬੀ ਕਿੱਥੇ ਜਾਂਦੀ ਹੈ ? ਸੋ ਇੱਕ ਨਵੇਕਲਾ ਕਦਮ ਰੁਪਿੰਦਰ ਕੌਰ ਦੇ ਵੱਲੋਂ ਚੱਕਿਆ ਗਿਆ ਕਿ ਆਪਣੇ ਕਲਾ ਨੂੰ ਪੰਜਾਬੀ ਮਾਂ ਬੋਲੀ ਦੇ ਜਰੀਏ ਲੋਕਾਂ ਦੇ ਦਿਲਾਂ ਵਿੱਚ 35 ਅੱਖਰੀ ਨੂੰ ਵਸਾਇਆ ਜਾ ਰਿਹਾ ਹੈ। ਰੁਪਿੰਦਰ ਨੇ ਕਿਹਾ ਕਿ ਇਹ ਕਲਾ ਸਿਰਫ ਮੇਰੇ ਕੋਲ ਹੀ ਨਹੀਂ ਹੈ ਮੈਂ ਆਪਣੀ ਕਲਾ ਨੂੰ ਬੱਚਿਆਂ ਨੂੰ ਸਿਖਾ ਵੀ ਰਹੀ ਹਾਂ ਅਤੇ ਜੋ ਬੱਚੇ ਝੋਲੇ ਤਿਆਰ ਕਰਦੇ ਨੇ ਉਹਨਾਂ ਨੂੰ ਉਹਨਾਂ ਦੇ ਕਲਾ ਦੇ ਹਿਸਾਬ ਦੇ ਨਾਲ ਉਹਨਾਂ ਦਾ ਦਿਨ ਦਾ ਖਰਚਾ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੋ ਵੀ ਲੋਕ ਇੱਥੇ ਮੇਰੇ ਤੋਂ ਝੋਲੇ ਖਰੀਦਣ ਆਉਂਦੇ ਨੇ ਪੈਸੇ ਤਾਂ ਦਿੰਦੇ ਹੀ ਨੇ ਨਾਲ ਦੁਆਵਾਂ ਵੀ ਦਿੰਦੇ ਹਨ ਕਿ ਇੱਕ ਕੁੜੀ ਹੋ ਕੇ ਵੀ ਤੂੰ ਹੱਥੀ ਹੁਨਰ ਸਿੱਖਿਆ ਤੇ ਉਸ ਤੋਂ ਬਾਅਦ ਪੰਜਾਬ 'ਚ ਰਹਿ ਕੇ ਆਪਣਾ ਕੰਮ ਆਪ ਚਲਾ ਰਹੀ ਹੈ ।
