ਮਾਨਸਾ: 8 ਮਾਰਚ ਦਾ ਦਿਨ ਅੰਤਰਰਾਸ਼ਟਰੀ ਪੱਧਰ ਉੱਤੇ ਔਰਤ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਔਰਤਾਂ ਦੇ ਕੀ ਅਧਿਕਾਰ ਹਨ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਸਰਕਾਰਾਂ ਵੱਲੋਂ ਵੱਡੇ ਵੱਡੇ ਪ੍ਰੋਗਰਾਮ ਕੀਤੇ ਜਾਂਦੇ ਹਨ। ਦੂਜੇ ਪਾਸੇ ਮਜ਼ਦੂਰ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਕੋਈ ਵੀ ਜਾਣਕਾਰੀ ਨਹੀਂ ਹੁੰਦੀ ਅਤੇ ਅੱਜ ਵੀ ਉਹ ਮਜਦੂਰੀ ਕਰ ਰਹੀਆਂ ਨੇ ਅਤੇ ਆਪਣੇ ਬੱਚਿਆਂ ਦੇ ਰੋਜਗਾਰ ਪ੍ਰਤੀ ਸੋਚ ਰਹੀਆਂ ਨੇ ਅਤੇ ਸ਼ਾਇਦ ਉਨ੍ਹਾਂ ਦੇ ਬੱਚਿਆਂ ਨੂੰ ਰੁਜ਼ਗਾਰ ਮਿਲ ਜਾਵੇ ਅਤੇ ਉਨ੍ਹਾਂ ਦਾ ਮਜ਼ਦੂਰੀ ਤੋਂ ਛੁਟਕਾਰਾ ਹੋ ਜਾਵੇ।
ਬੱਚਿਆਂ ਦਾ ਪੇਟ ਭਰਨ ਲਈ ਮਜ਼ਦੂਰੀ: ਅੰਤਰਰਾਸ਼ਟਰੀ ਪੱਧਰ ਉੱਤੇ ਮਨਾਏ ਜਾਂਦੇ ਔਰਤ ਦਿਵਸ ਪ੍ਰਤੀ ਪਿੰਡਾਂ ਦੇ ਵਿੱਚ ਕੰਮ ਕਰਨ ਵਾਲੀਆਂ ਮਜ਼ਦੂਰ ਔਰਤਾਂ ਨੂੰ ਔਰਤ-ਦਿਵਸ ਪ੍ਰਤੀ ਕੋਈ ਵੀ ਜਾਣਕਾਰੀ ਨਹੀਂ ਹੁੰਦੀ ਹੈ। ਉਨ੍ਹਾਂ ਨਹੀਂ ਪਤਾ ਕਿ ਔਰਤ ਦਿਵਸ ਕੀ ਹੁੰਦਾ ਉਹ ਤਾਂ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਮਜ਼ਦੂਰੀ ਕਰ ਰਹੀਆਂ ਹਨ। ਜਦੋਂ ਇਹਨਾਂ ਔਰਤਾਂ ਨੂੰ ਔਰਤ ਦਿਵਸ ਦੇ ਬਾਰੇ ਪੁੱਛਿਆ ਗਿਆ ਤਾਂ ਇਹਨਾਂ ਨੇ ਦੱਸਿਆ ਕਿ ਸਾਨੂੰ ਨਹੀਂ ਪਤਾ ਔਰਤ ਦਿਵਸ ਕੀ ਹੁੰਦਾ ਹੈ ਅਤੇ ਔਰਤਾਂ ਦੇ ਅਧਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਸਾਨੂੰ ਤਾਂ ਪੂਰੀ ਮਜ਼ਦੂਰੀ ਨਹੀਂ ਦਿੰਦੇ ਅਧਿਕਾਰ ਕੀ ਦੇਣਗੇ ਅਤੇ ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਸਿਰਫ ਨਸ਼ੇ ਬੰਦ ਕਰ ਦੇਵੇ ਤਾਂ ਕਿ ਕਿਸੇ ਦੇ ਘਰ ਕਲੇਸ਼ ਨਾ ਹੋਵੇ ਅਤੇ ਕਿਸੇ ਦੀ ਧੀ ਭੈਣ ਉੱਤੇ ਅੱਤਿਆਚਾਰ ਨਾ ਹੋਵੇ ਅਤੇ ਨਸ਼ੇ ਦੇ ਕਾਰਨ ਕਿਸੇ ਦੀ ਧੀ-ਭੈਣ ਦਾਜ ਦੀ ਬਲੀ ਨਾ ਚੜ੍ਹੇ।
ਮਹਿਲਾਵਾਂ ਨੇ ਮੰਗਿਆ ਹੱਕ: ਇਨ੍ਹਾਂ ਔਰਤਾਂ ਨੇ ਕਿਹਾ ਕਿ ਔਰਤ ਦਿਵਸ ਦੇ ਲਈ ਸਰਕਾਰਾਂ ਨੇ ਸਾਨੂੰ ਤਾਂ ਕਦੇ ਪਿੰਡਾ ਵਿੱਚ ਆ ਕੇ ਜਾਗਰੂਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰਾਂ ਸਿਰਫ ਟੀ ਵੀ ਚੈਨਲਾਂ ਉੱਤੇ ਹੀ ਇਹ ਬਿਆਨ ਦਿੰਦੀਆਂ ਹਨ ਕਿ ਅਸੀਂ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰ ਦੇ ਰਹੇ ਹਾਂ ਪਰ ਸਾਨੂੰ ਅਧਿਕਾਰ ਨਹੀਂ ਮਿਲਦੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਔਰਤਾਂ ਨੂੰ ਸਰਕਾਰ ਵੱਲੋਂ ਇੱਕ ਹਜ਼ਾਰ ਰੁਪਏ ਦੀ ਆਰਥਿਕ ਸਹਾਇਤ ਦਿੱਤੀ ਜਾਵੇਗੀ ਪਰ ਅੱਜ ਤੱਕ ਸਾਨੂੰ ਉਹ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਤਾਂ ਪੂਰੇ ਨਹੀਂ ਕਰਦੀ ਉਨ੍ਹਾਂ ਨੂੰ ਅਧਿਕਾਰ ਕੀ ਦੇਣਗੇ। ਦਿਹਾੜੀ ਕਰ ਰਹੀਆਂ ਮਜ਼ਦੂਰ ਔਰਤਾਂ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਤਾਂ ਮਿਹਨਤ ਮਜ਼ਦੂਰੀ ਕਰਦੇ ਨਿਕਲ ਗਈ ਪਰ ਉਹ ਚਾਹੁੰਦੇ ਹਨ ਅੱਗੇ ਉਨ੍ਹਾਂ ਦੇ ਬੱਚਿਆਂ ਨੂੰ ਸਰਕਾਰਾਂ ਵਧੀਆ ਰੁਜ਼ਗਾਰ ਮੁਹੱਈਆ ਕਰਵਾ ਕੇ ਇੱਕ ਵਧੀਆਂ ਜ਼ਿੰਦਗੀ ਗੁਜਾਰਨ ਦਾ ਮੌਕਾ ਦੇਣ। ਉਨ੍ਹਾਂ ਅੱਗੇ ਕਿਹਾ ਕਿ ਵੱਡੇ ਵੱਡੇ ਇਸ਼ਤਿਹਾਰ ਦੇਣ ਨਾਲ ਨਹੀਂ ਸਗੋਂ ਜ਼ਮੀਨੀ ਪੱਧਰ ਉੱਤੇ ਕੰਮ ਕਰਨ ਨਾਲ ਔਰਤਾਂ ਨੂੰ ਉਨ੍ਹਾਂ ਦੇ ਹੱਕ ਮਿਲਣਗੇ।
ਇਹ ਵੀ ਪੜ੍ਹੋ: Harsimrat Badal on CM Mann: ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਭਗਵੰਤ ਮਾਨ ਤੇ ਕੀਤੇ ਤਿੱਖੇ ਸ਼ਬਦੀ ਹਮਲੇ