ਮਾਨਸਾ: ਪ੍ਰਾਈਵੇਟ ਕੰਪਨੀਆਂ ਦੀਆਂ ਕਰਜ਼ਦਾਰ ਮਹਿਲਾਵਾਂ ਕਿਸ਼ਤਾਂ ਸਮੇ 'ਤੇ ਨਾ ਭਰਣ ਕਾਰਨ ਉਨ੍ਹਾਂ ਆਪਣੇ ਘਰਾਂ ਦਾ ਜ਼ਰੂਰੀ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ ਹੈ। ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਅਹਿਮਦਪੁਰ ਤੋਂ ਸਾਹਮਣੇ ਆਇਆ ਹੈ। ਇਥੇ ਇੱਕ ਮਹਿਲਾ ਗੁਰਦਿਆਂ ਅਤੇ ਗਠੀਆ ਦੀ ਬੀਮਾਰੀ ਤੋਂ ਪੀੜਤ ਹੈ। ਪੀੜਤਾਂ ਨੇ ਪ੍ਰਾਈਵੇਟ ਕੰਪਨੀ ਤੋਂ ਇਲਾਜ ਲਈ ਲੋਨ ਲਿਆ ਸੀ ਪਰ ਹੁਣ ਕਿਸ਼ਤਾਂ ਨਾ ਭਰੀਆਂ ਜਾਣ ਕਾਰਨ ਉਨ੍ਹਾਂ ਨੇ ਆਪਣੇ ਘਰ ਦਾ ਜ਼ਰੂਰੀ ਸਾਮਾਨ ਵੇਚ ਦਿੱਤਾ। ਹੁਣ ਹਾਲਾਤ ਅਜਿਹੇ ਹਨ ਕਿ ਪੀੜਤ ਮਹਿਲਾ ਆਪਣਾ ਰਹਿਣ ਬਸੇਰਾ ਵੇਚ ਕੇ ਪਿੰਡ 'ਚੋਂ ਕਿਸੇ ਦੇ ਘਰ ਰਾਤਾਂ ਕੱਟਣ ਦੇ ਲਈ ਮਜਬੂਰ ਹੈ।
ਪੀੜਤ ਮਹਿਲ ਜਗਪਾਲ ਕੌਰ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਗੁਰਦਿਆਂ ਅਤੇ ਗਠੀਏ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਉਸ ਦਾ ਘਰ ਵਾਲਾ ਮਜ਼ਦੂਰੀ ਕਰਦਾ ਹੈ। ਇਸ ਦੇ ਇਲਾਜ਼ ਲਈ ਉਸ ਨੇ ਪ੍ਰਾਈਵੇਟ ਕੰਪਨੀ ਤੋਂ ਲੋਨ ਲਿਆ ਸੀ ਪਰ ਕਿਸ਼ਤਾਂ ਨਾ ਭਰੇ ਜਾਣ ਕਾਰਨ ਉਨ੍ਹਾਂ ਦਾ ਘਰ ਅਤੇ ਜ਼ਰੂਰੀ ਘਰ ਦਾ ਸਾਮਾਨ ਵਿਕ ਚੁੱਕਿਆ ਹੈ।
ਪਿੰਡ ਵਾਸੀ ਮਹਿੰਦਰ ਕੌਰ ਨੇ ਦੱਸਿਆ ਕਿ ਜਗਪਾਲ ਕੌਰ ਉਨ੍ਹਾਂ ਦੇ ਪਿੰਡ ਦੀ ਨੂੰਹ ਹੈ ਅਤੇ ਇਹ ਗਠੀਏ ਅਤੇ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਇਸ ਨੇ ਆਪਣਾ ਇਲਾਜ ਕਰਵਾਉਣ ਲਈ ਪ੍ਰਾਈਵੇਟ ਕੰਪਨੀ ਤੋਂ ਲੋਨ ਲਿਆ ਸੀ। ਪਰ ਹੁਣ ਲੋਨ ਦੀਆਂ ਕਿਸ਼ਤਾਂ ਨਾ ਭਰੀਆਂ ਜਾਣ ਕਾਰਨ ਇਨ੍ਹਾਂ ਨੇ ਆਪਣੇ ਘਰ ਦਾ ਸਾਰਾ ਜ਼ਰੂਰੀ ਸਾਮਾਨ ਵੇਚ ਦਿੱਤਾ ਹੈ ਅਤੇ ਆਪਣਾ ਘਰ ਵੀ ਵੇਚ ਦਿੱਤਾ ਹੈ। ਮਹਿੰਦਰ ਕੌਰ ਨੇ ਦੱਸਿਆ ਕਿ ਹੁਣ ਇਹ ਪਿੰਡ ਵਿੱਚ ਹੀ ਕਿਸੇ ਦੇ ਘਰ ਰਾਤਾਂ ਕੱਟਣ ਦੇ ਲਈ ਮਜਬੂਰ ਹੈ। ਉਨ੍ਹਾਂ ਸਰਕਾਰ ਤੋਂ ਇਸ ਪਰਿਵਾਰ ਦੀ ਮੱਦਦ ਕਰਨ ਦੀ ਅਪੀਲ ਵੀ ਕੀਤੀ ਹੈ।
ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਕਾਮਰੇਡ ਭਗਵੰਤ ਸਮਾਓ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਅਜਿਹੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗਰੀਬ ਪਰਿਵਾਰਾਂ ਨੇ ਪ੍ਰਾਈਵੇਟ ਕੰਪਨੀਆਂ ਦੀਆਂ ਕਿਸ਼ਤਾਂ ਨਾ ਭਰੀਆਂ ਜਾਣ ਕਾਰਨ ਆਪਣੇ ਘਰਾਂ ਦਾ ਸਾਮਾਨ ਵੀ ਵੇਚ ਦਿੱਤਾ ਹੈ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਪਰਿਵਾਰਾਂ ਨੂੰ ਪਹਿਲ ਦੇ ਅਧਾਰ ਤੇ 5 ਮਰਲੇ ਦਾ ਪਲਾਟ ਦਿੱਤਾ ਜਾਵੇ ਅਤੇ ਇਨ੍ਹਾਂ ਦਾ ਪੂਰਨ ਕਰਜ ਮਾਫ਼ ਕੀਤਾ ਜਾਵੇ।