ਮਾਨਸਾ : ਆਏ ਦਿਨ ਮਹਿਲਾਵਾਂ ਪ੍ਰਤੀ ਅਪਰਾਧ ਦੀਆਂ ਘਟਨਾਵਾਂ (Crime against women) ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਮਾਨਸਾ ਵਿਖੇ ਸਾਹਮਣੇ ਆਇਆ ਹੈ, ਇਥੇ ਮਾਨਸਾ ਦੀ ਜੁਵਲਾਈਨ ਕੋਰਟ ਨੇ ਜਬਰ ਜਨਾਹ (rape case) ਦੇ ਇੱਕ ਮਾਮਲੇ 'ਚ ਦੋ ਨਬਾਲਗ ਦੋਸ਼ੀਆਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ।
ਜ਼ਿਲ੍ਹੇ ਦੇ ਥਾਣਾ ਜੋਗਾ ਵਿਖੇ ਤਿੰਨ ਸਾਲ ਪਹਿਲਾਂ ਦਰਜ ਹੋਏ ਇਸ ਜਬਰ ਜਨਾਹ ਦੇ ਮਾਮਲੇ ਵਿੱਚ ਮਾਨਸਾ ਦੀ ਮਾਣਯੋਗ ਅਦਾਲਤ ਨੇ ਦੋ ਨਬਾਲਗ ਦੋਸ਼ੀਆਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਉਕਤ ਦੋਸ਼ੀਆਂ 'ਤੇ 5 ਸਾਲਾ ਨਬਾਲਗ ਕੁੜੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਲੱਗੇ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪੱਖ ਦੇ ਵਕੀਲ, ਜਸਵੰਤ ਸਿੰਘ ਗਰੇਵਾਲ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਥਾਣਾ ਜੋਗਾ ਵਿਖੇ ਇੱਕ ਰੇਪ ਕੇਸ ਦਰਜ ਹੋਇਆ ਸੀ। ਸਾਢੇ ਪੰਜ ਸਾਲ ਦੀ ਨਬਾਲਗ ਬੱਚੀ ਨਾਲ ਦੋ ਨਬਾਲਗਾਂ ਨੇ ਜਬਰ ਜਨਾਹ ਕੀਤਾ ਸੀ। ਕੇਸ ਦਰਜ ਹੋਣ ਦੇ ਸਮੇਂ ਦੋਵੇਂ ਦੋਸ਼ੀ ਨਬਾਲਗ ਸਨ। ਦੋਸ਼ੀਆਂ ਖਿਲਾਫ 376 D, 506, ਸੈਕਸ਼ਤ 3,4,5 ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਮੁਲਜ਼ਮਾਂ ਦੇ ਨਬਾਲਗ ਹੋਣ ਦੇ ਚਲਦੇ ਇਹ ਕੇਸ ਮਾਨਸਾ ਦੀ ਜੁਵਲਾਈਨ ਕੋਰਟ ਵਿੱਚ ਚੱਲਿਆ।
ਤਿੰਨ ਸਾਲਾਂ ਬਾਅਦ ਮਾਣਯੋਗ ਅਦਾਲਤ ਵੱਲੋਂ ਅੱਜ ਇਸ ਕੇਸ ਸਬੰਧੀ ਪੀੜਤਾ ਦੇ ਹੱਕ ਵਿੱਚ ਫੈਸਲਾ ਸੁਣਾਇਆ ਗਿਆ ਹੈ। ਇਸ ਦੌਰਾਨ ਦੋਹਾਂ ਨਬਾਲਗ ਮੁਲਜ਼ਮਾਂ ਨੂੰ ਤਿੰਨ-ਤਿੰਨ ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ। ਇਹ ਸਜ਼ਾ 376 D ਤੇ ਪੋਸਕੋ ਐਕਟ ਸੈਕਸ਼ਨ 6 ਦੇ ਤਹਿਤ ਦਿੱਤੀ ਗਈ ਹੈ। ਇਸ ਦੌਰਾਨ ਜੱਜ ਵੱਲੋਂ ਇੱਕ ਹੋਰ ਫੈਸਲਾ ਕੀਤਾ, ਅਦਾਲਤ ਨੇ ਡੀਐਲਐਸਏ ਨੂੰ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਗਿਆ ਹੈ , ਤਾਂ ਜੋ ਪੀੜਤ ਬੱਚੀ ਦਾ ਭੱਵਿਖ ਬੇਹਤਰ ਹੋ ਸਕੇ ਤੇ ਉਹ ਪੜ੍ਹ ਸਕੇ। ਇਸ ਵਿੱਚ ਦੋਸ਼ੀਆਂ ਦੀ ਪਾਰਟੀ ਵੱਲੋਂ ਪੀੜਤ ਪਾਰਟੀ 'ਤੇ ਲਗਾਤਾਰ ਸਮਝੌਤਾ ਕਰਨ ਦਾ ਦਬਾਅ ਪਾਇਆ ਗਿਆ, ਜਦੋਂ ਪੀੜਤ ਪੱਖ ਦੇ ਲੋਕ ਸਮਝੌਤੇ ਲਈ ਨਹੀਂ ਮੰਨੇ ਤਾਂ ਦੋਸ਼ੀਆਂ ਨੇ ਪੀੜਤ ਪੱਖ 'ਤੇ ਝੂਠਾ ਕੇਸ ਵੀ ਦਰਜ ਕਰਵਾਇਆ। ਵਕੀਲ, ਜਸਵੰਤ ਸਿੰਘ ਗਰੇਵਾਲ ਨੇ ਦੱਸਿਆ ਕਿ ਪੀੜਤ ਪੱਖ ਨੇ ਪੂਰੇ ਹੌਂਸਲੇ ਦੇ ਨਾਲ ਅਦਾਲਤ ਸਾਹਮਣੇ ਆਪਣਾ ਪੱਖ ਰੱਖਿਆ ਤੇ ਜਿਸ ਦੇ ਚਲਦੇ ਮੁਲਜ਼ਮਾਂ ਨੂੰ ਸਜ਼ਾ ਮਿਲ ਸਕੀ।
ਇਹ ਵੀ ਪੜ੍ਹੋ : ਬੰਦ ਪਏ ਘਰਾਂ ਨੂੰ ਨਿਸ਼ਾਨਾ ਬਨਾਉਣ ਵਾਲੇ ਦੋ ਚੋਰਾਂ ਨੂੰ ਰੰਗੇ ਹੱਥੀ ਦਬੋਚਿਆ