ਮਾਨਸਾ: ਜੰਮੂ ਕਸ਼ਮੀਰ ਦੇ ਹੰਦਵਾੜਾ ਵਿੱਚ ਹੋਏ ਮੁਕਾਬਲੇ 'ਚ ਸ਼ਹੀਦ ਹੋਏ ਮਾਨਸਾ ਦੇ ਪਿੰਡ ਰਾਜਰਾਣਾ ਦੇ ਰਹਿਣ ਵਾਲੇ ਜਵਾਨ ਰਾਜੇਸ਼ ਕੁਮਾਰ ਗੋਦਾਰਾ ਦੀ ਆਤਮਿਕ ਸ਼ਾਂਤੀ ਲਈ ਭੋਗ ਅਤੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਸੋਸ਼ਲ ਡਿਸਟੈਂਸਿੰਗ ਨਿਯਮਾਂ ਤਹਿਤ ਆਯੋਜਿਤ ਕੀਤੀ ਗਈ। ਇਸ ਸ਼ਰਧਾਂਜਲੀ ਸਮਾਗਮ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਡਿਪਟੀ ਕਮਿਸ਼ਨਰ ਗੁਰਪਾਲ ਸਿੰਘ, ਐਸਐਸਪੀ ਡਾ. ਨਰਿੰਦਰ ਭਾਰਗਵ ਸ਼ਾਮਿਲ ਹੋਏ।
ਉੱਥੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਅਤੇ ਐਸਐਸਪੀ ਡਾ. ਨਰਿੰਦਰ ਭਾਰਗਵ ਨੇ ਪੰਜਾਬ ਸਰਕਾਰ ਵੱਲੋਂ ਐਲਾਨ ਕੀਤੇ 10 ਲੱਖ ਦੀ ਸਹਾਇਤਾ ਰਕਮ ਵਿੱਚੋਂ 5 ਲੱਖ ਦੀ ਰਕਮ ਦਾ ਚੈੱਕ ਸ਼ਹੀਦ ਦੇ ਮਾਤਾ-ਪਿਤਾ ਨੂੰ ਭੇਂਟ ਕੀਤਾ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਰਕਾਰ ਤੋਂ ਸ਼ਹੀਦ ਦੇ ਪਰਿਵਾਰ ਲਈ 1 ਕਰੋੜ ਰੁਪਏ ਦੀ ਰਕਮ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਤੋਂ ਇਹੀਂ ਮੰਗ ਕਰਨਗੇ ਕਿ ਸ਼ਹੀਦ ਕਿਸੇ ਵੀ ਸੂਬੇ ਤੋਂ ਹੋਵੇ, ਉਨ੍ਹਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਸਹਾਇਤਾ ਵਜੋਂ ਦਿੱਤੀ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਰਕਮ ਨਾਲ ਚਾਹੇ ਪਰਿਵਾਰ ਦਾ ਘਾਟਾ ਤਾਂ ਪੂਰਾ ਨਹੀਂ ਹੋ ਸਕਦਾ, ਪਰ ਆਰਥਿਕ ਮਦਦ ਜ਼ਰੂਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਰਾਬਤਾ ਕਾਇਮ ਕਰਕੇ ਮੰਗ ਕਰਨਗੇ ਕਿ ਸ਼ਹੀਦ ਰਾਜੇਸ਼ ਕੁਮਾਰ ਦੇ ਨਾਂਅ 'ਤੇ ਇਸ ਪਿਛੜੇ ਇਲਾਕੇ 'ਚ ਕੋਈ ਵੱਡਾ ਵਿੱਦਿਅਕ ਅਦਾਰਾ ਸਥਾਪਿਤ ਕੀਤਾ ਜਾਵੇ।