ਮਾਨਸਾ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੂੰ ਐਂਟੀ ਕੁਰੱਪਸ਼ਨ ਬਿਉਰੋ ਆਫ ਇੰਡੀਆ ਵੱਲੋਂ ਮਹਿਲਾ ਵਿੰਗ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਪੂਰੀ ਟੀਮ ਵੱਲੋਂ ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ। ਇਹ ਵੀ ਦੱਸ ਦਈਏ ਐਂਟੀ ਕੁਰੱਪਸ਼ਨ ਬਿਓਰੋ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਸਿਕੰਦਰਜੀਤ ਸਿੰਘ ਵੱਲੋਂ ਮੂਸਾ ਪਿੰਡ ਪਹੁੰਚ ਕੇ ਮਾਤਾ ਚਰਨ ਕੌਰ ਨੂੰ ਐਂਟੀ ਕੁਰੱਪਸ਼ਨ ਬਿਉਰੋ ਆਫ ਇੰਡੀਆ ਦੇ ਮਹਿਲਾ ਵਿੰਗ ਦੀ ਸਰਪ੍ਰਸਤ ਦਾ ਨਿਯੁਕਤੀ ਪੱਤਰ ਦਿੱਤਾ ਗਿਆ।
ਮੂਸੇਵਾਲਾ ਦੀ ਮਾਤਾ ਨੂੰ ਵਿੰਗ ਨਾਲ ਜੋੜਿਆ: ਇਸ ਮੌਕੇ ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸਿੱਧੂ ਮੂਸੇਵਾਲਾ ਦੀ ਮਾਤਾ ਨੂੰ ਇਸ ਵਿੰਗ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਉਨ੍ਹਾਂ ਦੇ ਨਜ਼ਦੀਕੀ ਸੁਖਪਾਲ ਸਿੰਘ ਨੂੰ ਵੀ ਸਲਾਹਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਿਕੰਦਰ ਜੀਤ ਸਿੰਘ ਨੇ ਦੱਸਿਆ ਕਿ ਸਮਾਜ ਵਿੱਚ ਐਂਟੀ ਕੁਰੱਪਸ਼ਨ ਬਿਉਰੋ ਆਫ ਇੰਡੀਆ ਵੱਲੋਂ ਭ੍ਰਿਸ਼ਟਾਚਾਰ ਅਤੇ ਸਮਾਜਕ ਕੁਰੀਤੀਆਂ ਨੂੰ ਦੂਰ ਕਰਨ ਦੇ ਲਈ ਮੁਹਿੰਮ ਵਿੱਢੀ ਗਈ ਹੈ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਨਵੀਂ ਜ਼ਿੰਮੇਵਾਰੀ ਲਈ ਤਿਆਰ: ਸਿੱਧੂ ਮੂਸੇਵਾਲਾ ਪਰਿਵਾਰ ਦੇ ਨਜ਼ਦੀਕੀ ਸੁਖਪਾਲ ਸਿੰਘ ਨੇ ਕਿਹਾ ਕਿ ਕਮਿਸ਼ਨ ਆਫ ਇੰਡੀਆ ਵੱਲੋਂ ਮਾਤਾ ਚਰਨ ਕੌਰ ਨੂੰ ਇਸ ਸੰਸਥਾ ਨਾਲ ਜੁੜਨ ਸਬੰਧੀ ਬੇਨਤੀ ਕੀਤੀ ਗਈ ਸੀ ਜਿਸ ਨੂੰ ਉਨ੍ਹਾਂ ਨੇ ਸਵੀਕਾਰਿਆ ਹੈ।ਮੂਸੇਵਾਲਾ ਦੀ ਮਾਤਾ ਵੱਲੋਂ ਸੰਸਥਾ ਦਾ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਾਪੇ ਪਹਿਲਾਂ ਵੀ ਸਮਾਜ ਭਲਾਈ ਦੇ ਕੰਮਾਂ ਲਈ ਲਗਾਤਾਰ ਸਰਗਰਮ ਨੇ। ਉਨ੍ਹਾਂ ਕਿਹਾ ਜਦੋਂ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਜਿਉਂਦਾ ਸੀ ਤਾਂ ਉਸ ਨੇ ਵੀ ਆਪਣੀ ਸਮਰੱਥਾ ਤੋਂ ਵੱਧ ਕੇ ਲੋੜਵੰਦਾਂ ਦੀ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਾਪੇ ਵੀ ਹੁਣ ਸਿੱਧੂ ਵੱਲੋਂ ਚਲਾਈ ਗਈ ਲੋਕ ਭਲਾਈ ਦੀ ਰੀਤ ਨੂੰ ਅੱਗੇ ਵਧਾ ਰਹੇ ਨੇ। ਸਿੱਧੂ ਮੂਸੇਵਾਲਾ ਪਰਿਵਾਰ ਦੇ ਨਜ਼ਦੀਕੀ ਨੇ ਇਹ ਵੀ ਦੱਸਿਆ ਕਿ ਮੂਸੇਵਾਲਾ ਦੀ ਮਾਤਾ ਨੂੰ ਭ੍ਰਿਸ਼ਟਾਚਾਰ ਰੋਕੂ ਵਿੰਗ ਦੀ ਚੇਅਰਪਰਸਨ ਨਿਯੁਕਤ ਕਰਕੇ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਉਹ ਮਾਤਾ ਚਰਨ ਕੌਰ ਦੀ ਹਰ ਸੰਭਵ ਮਦਦ ਕਰਨਗੇ।
ਇਹ ਵੀ ਪੜ੍ਹੋ: Beer rate in Punjab: ਪੰਜਾਬ 'ਚ ਬੀਅਰ ਦੇ ਰੇਟ ਤੈਅ, ਜਾਣੋ, ਸਰਕਾਰ ਦੇ ਫ਼ੈਸਲੇ 'ਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਕਿਉਂ ਇਤਰਾਜ਼