ਮਾਨਸਾ: ਨਹਿਰੂ ਮੈਮੋਰੀਅਲ ਕਾਲਜ ਵਿੱਚ ਵਿਦਿਆਰਥੀਆਂ ਵੱਲੋਂ ਕੁੱਝ ਦਿਨਾਂ ਤੋਂ ਪੀਟੀਏ ਫੰਡ ਨੂੰ ਲੈ ਕੇ ਸੰਘਰਸ਼ ਦੀ ਲੜੀ ਤਹਿਤ ਧਰਨੇ ਦਿੱਤੇ ਜਾ ਰਹੇ ਹਨ। ਕਾਲਜ ਵੱਲੋਂ 26 ਅਗਸਤ ਤੋਂ ਬਾਅਦ ਸੋਮਵਾਰ ਦਾ ਸਮਾਂ ਦਿੱਤੇ ਜਾਣ 'ਤੇ ਵੀ ਇਸ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਗਿਆ, ਜਿਸ 'ਤੇ ਵਿਦਿਆਰਥੀਆਂ ਨੇ ਕਾਲਜ ਅੱਗੇ ਮੁੜ ਪੱਕਾ ਮੋਰਚਾ ਲਾ ਕੇ ਕਾਲਜ ਪ੍ਰਸ਼ਾਸਨ ਵਿਰੁੱਧ ਭਰਵੀਂ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ (ਏਆਈਐਸਏ) ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਨੇ ਕਿਹਾ ਕਿ ਵਿਦਿਆਰਥੀਆਂ ਨੇ 17 ਅਗਸਤ ਨੂੰ ਪੀਟੀਏ ਫੰਡ ਨੂੰ ਲੈ ਕੇ ਪਹਿਲਾਂ ਵੀ ਧਰਨਾ ਲਾਇਆ ਗਿਆ ਸੀ, ਜਿਸ 'ਤੇ ਕਾਲਜ ਪ੍ਰਸ਼ਾਸਨ ਨੇ ਪੀਟੀਏ ਫੰਡ ਨਾ ਵਸੂਲਣ ਦਾ ਭਰੋਸਾ ਦਿੱਤਾ ਸੀ ਅਤੇ ਹੁਣ ਮੁਕਰ ਰਿਹਾ ਹੈ। ਉਨ੍ਹਾਂ ਕਿਹਾ ਕਾਲਜ ਪ੍ਰਸ਼ਾਸਨ ਵਿਦਿਆਰਥੀਆਂ ਤੋਂ ਧੱਕੇ ਨਾਲ 3000 ਰੁਪਏ ਪੀਟੀਏ ਫੰਡ ਵਸੂਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕਾਲਜ ਅਧਿਕਾਰੀ ਐਸਸੀ ਵਿਦਿਆਰਥੀਆਂ ਨੂੰ ਜ਼ਲੀਲ ਕਰ ਰਹੇ ਹਨ, ਜਿਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।
ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਨੰਦਗੜ੍ਹ ਨੇ ਦੱਸਿਆ ਕਿ ਕਾਲਜ ਪ੍ਰਸ਼ਾਸਨ ਨੇ ਹਰ ਵਾਰੀ ਧਰਨੇ ਦੌਰਾਨ ਭਰੋਸਾ ਦਿੱਤਾ ਪਰ ਕੋਈ ਹੱਲ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਕਾਲਜ ਕੋਲ 2018 ਦਾ DPI ਦਾ ਪੱਤਰ ਆਇਆ ਸੀ, ਜਿਸਦੇ ਆਧਾਰ 'ਤੇ ਕਾਲਜ ਪੀਟੀਏ ਫੰਡ ਵਸੂਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਭੁੱਖ ਹੜਤਾਲ ਅਰੰਭੀ ਜਾਵੇਗੀ ਅਤੇ ਡੀਸੀ ਮਾਨਸਾ ਦੀ ਰਿਹਾਇਸ਼ ਘੇਰੀ ਜਾਵੇਗੀ।
ਕਾਲਜ ਕਮੇਟੀ ਮੈਂਬਰ ਰੀਤੂ ਰਮਦਿੱਤੇਵਾਲਾ ਨੇ ਕਿਹਾ ਕਿ ਉਨ੍ਹਾਂ ਨੇ ਪੀਟੀਏ ਫੰਡ ਦੀ ਮੰਗ ਰੱਖੀ ਹੈ ਕਿਉਂਕਿ ਲੌਕਡਾਊਨ ਕਾਰਨ ਉਨ੍ਹਾਂ ਕੋਲ ਪਹਿਲਾਂ ਹੀ ਪੈਸਿਆਂ ਦੀ ਪਹਿਲਾਂ ਹੀ ਘਾਟ ਹੈ ਤੇ ਹੁਣ ਉਹ ਪੀਟੀਏ ਫੰਡ ਕਿੱਥੋਂ ਦੇ ਦੇਣ।
ਕਾਲਜ ਪ੍ਰਸ਼ਾਸਨ ਵੱਲੋਂ ਪ੍ਰੋਫੈਸਰ ਸੁਪਨਦੀਪ ਕੌਰ ਨੇ ਦੱਸਿਆ ਕਿ ਉਹ ਵਿਦਿਆਰਥੀਆਂ ਵੱਲੋਂ ਦਿੱਤੇ ਗਏ ਮੰਗ ਪੱਤਰ ਨੂੰ ਡੀਪੀਆਈ ਨੂੰ ਭੇਜ ਚੁਕੇ ਹਨ ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਜਦੋਂ ਵੀ ਪੀਟੀਏ ਫੰਡ ਦੀ ਮੁਆਫ਼ੀ ਸਬੰਧੀ ਪੱਤਰ ਆਉਂਦਾ ਹੈ ਤਾਂ ਉਹ ਹਦਾਇਤਾਂ ਦੀ ਪਾਲਣਾ ਕਰਨਗੇ।