ਮਾਨਸਾ: ਕੇਂਦਰ ਸਰਕਾਰ ਵਲੋਂ ਪਾਸ ਕੀਤੇ ਸੋਧਤ ਨਾਗਿਰਕਤਾ ਕਾਨੂੰਨ , ਕੌਮੀ ਨਾਗਿਰਕਤਾ ਰਜਿਸਟਰ ਅਤੇ ਕੌਮੀ ਲੋਕ ਰਜਿਸਟਰ ਦੇ ਵਿਰੋਧ ਵਿੱਚ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਚੱਲ ਰਹੇ ਧਰਨੇ ਦੀ ਹਮਾਇਤ ਕਰਦੇ ਹੋਏ ਸੰਵਿਧਾਨ ਬਚਾਓ ਮੰਚ ਪੰਜਾਬ ਵੱਲੋਂ 12 ਫਰਵਰੀ ਤੋਂ ਮਾਨਸਾ ਵਿੱਚ ਸ਼ਾਹੀਨ ਬਾਗ ਦੇ ਵਾਂਗ ਮਾਨਸਾ ਵਿਖੇ ਵੀ ਪੱਕਾ ਮੋਰਚਾ ਲਗਾਉਣ ਜਾ ਰਿਹਾ ਹੈ।ਜਿਸ ਦੀ ਜਾਣਕਾਰੀ ਮੋਰਚੇ ਦੇ ਆਗੂਆ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ।
ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਹੇ ਹਨ। ਇਸਦੇ ਚਲਦੇ ਹੋਏ ਸੰਵਿਧਾਨ ਬਚਾਓ ਮੰਚ ਪੰਜਾਬ ਵੱਲੋਂ ਸ਼ਾਹੀਨ ਬਾਗ ਦਿੱਲੀ ਵਿਖੇ ਚੱਲ ਰਹੇ ਧਰਨੇ ਦਾ ਸਮਰਥਨ ਕਰਦੇ ਹੋਏ 12 ਫਰਵਰੀ ਤੋਂ ਮਾਨਸਾ ਦੇ ਗੁਰਦੁਆਰਾ ਚੌਕ ਚੋਂ ਪੱਕਾ ਮੋਰਚਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸ਼ਾਹੀਨ ਬਾਗ਼ 'ਚ ਡਟੇ ਪੰਜਾਬ ਦੇ ਕਿਸਾਨ, ਕਿਹਾ- ਸਰਕਾਰ ਕਰ ਰਹੀ ਮੁਸਲਮਾਨਾਂ ਨਾਲ ਵਿਤਕਰਾ
ਇਸ ਪੱਕੇ ਮੋਰਚੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਮੋਰਚੇ ਦੇ ਆਗਅੂਾਂ ਨੇ ਦੱਸਿਆ ਕਿ 6 ਰਾਜਨੀਤਿਕ ਪਾਰਟੀਆਂ, ਕਿਸਾਨ ਜਥੇਬੰਦੀਆਂ ਅਤੇ ਵੱਖ ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਇਸ ਮੋਰਚੇ ਵਿੱਚ ਸ਼ਾਮਲ ਹੋਣਗੀਆਂ।
ਜਿਨ੍ਹਾਂ ਵਿੱਚ ਸੀਪੀਆਈ ਐਮਐਲ (ਲਿਬਰੇਸ਼ਨ) , ਸੀ.ਪੀ.ਆਈ , ਲੋਕ ਇਨਸਾਫ ਪਾਰਟੀ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਆਰ.ਐੱਮ.ਪੀ.ਆਈ ਰਾਜਨੀਤਿਕ ਪਾਰਟੀਆਂ ਇਸ ਵਿੱਚ ਸ਼ਾਮਲ ਹੋਣਗੀਆਂ।
ਆਗਅੂਾਂ ਨੇ ਦੱਸਿਆ ਕਿ ਸਾਬਕਾ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ, ਮੁਸਲਿਮ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਮੁਫਤੀ ਆਜ਼ਮ ਇਰਤਕਾ ਉਲ ਹਸਨ ਕੰਧਾਲਵੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਮਐਲਏ ਹਲਕਾ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ,ਸੀਪੀਆਈ ਦੇ ਕੌਮੀ ਕੌਂਸਲਰ ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਅਤੇ ਦੇਸ਼ ਤੇ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਬੁੱਧੀਜੀਵੀ ਇਸ ਧਰਨੇ ਵਿੱਚ ਸ਼ਮੂਲੀਅਤ ਕਰਨਗੇ ਅਤੇ ਇਸ ਧਰਨੇ ਦੀ ਸ਼ੁਰੂਆਤ ਕਰਵਾਉਣਗੇ।
ਇਸ ਤੋਂ ਇਲਾਵਾ 12 ਫਰਵਰੀ ਨੂੰ ਸ਼ਹੀਨ ਬਾਗ ਵਿਖੇ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਵੀ ਇਸ ਮੋਰਚੇ ਵਿੱਚ ਸ਼ਾਮਲ ਹੋਣਗੀਆਂ।