ਮਾਨਸਾ: ਨਰਮਾ ਬੈਲਟ ਵਜੋਂ ਜਾਣੇ ਜਾਂਦੇ ਮਾਲਵਾ ਖੇਤਰ ਵਿੱਚ ਇਸ ਵਾਰ ਫ਼ਿਰ ਨਰਮੇ ਦੀ ਬਿਜਾਈ ਜ਼ਿਆਦਾ ਹੋ ਰਹੀ ਹੈ। ਗੱਲ ਮਾਨਸਾ ਦੀ ਕੀਤੀ ਜਾਵੇ ਤਾਂ ਜ਼ਿਲ੍ਹੇ ਵਿੱਚੋਂ 25 ਹਜ਼ਾਰ ਹੈਕਟੇਅਰ ਨਰਮੇ ਦਾ ਰਕਬਾ ਵਧਿਆ, ਜਿਸ ਦੇ ਚੱਲਦਿਆਂ ਕਿਸਾਨ ਨਰਮੇ ਦੀ ਬਿਜਾਈ ਕਰਕੇ ਸੰਤੁਸ਼ਟ ਹਨ।
ਕਿਸਾਨਾਂ ਦਾ ਕਹਿਣਾ ਕਿ ਜੇ ਫ਼ਸਲ ਦਾ ਦੀ ਸਰਕਾਰੀ ਖ਼ਰੀਦ ਹੁੰਦੀ ਰਹੇ ਅਤੇ ਵਧੀਆ ਕੀਮਤਾਂ ਮਿਲਦੀਆਂ ਰਹਿਣ ਤਾਂ ਕਿਸਾਨ ਨਰਮੇ ਦੀ ਬਿਜਾਈ ਕਰਨ ਨੂੰ ਹੀ ਤਰਜ਼ੀਹ ਦੇਣਗੇ, ਉੱਧਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ ਵਿਭਾਗ ਨੇ ਸਮੇਂ ਸਿਰ ਕਿਸਾਨਾਂ ਨੂੰ ਜਾਗਰੂਕਤਾ ਕੈਂਪ ਲਗਾ ਕੇ ਨਰਮੇ ਦੀ ਬਿਜਾਈ ਕਰਨ ਲਈ ਜਾਗਰੂਕ ਕੀਤਾ ਸੀ ਜਿਸ ਦਾ ਵਧੀਆ ਨਤੀਜਾ ਮਿਲ ਰਿਹਾ ਹੈ।
ਕਿਸਾਨ ਗੋਰਾ ਸਿੰਘ ਨੇ ਦੱਸਿਆ ਕਿ ਇਸ ਦੇ ਦੋ ਕਾਰਨ ਹਨ ਕਿ ਇੱਕ ਤਾਂ ਕੋਰੋਨਾ ਵਾਇਰਸ ਕਰ ਕੇ ਸਾਰੇ ਮਜ਼ਦੂਰਾਂ ਘਰਾਂ ਵਾਪਸ ਚੱਲੇ ਗਏ ਹਨ ਅਤੇ ਸਥਾਨਕ ਮਜ਼ਦੂਰ ਇੰਨੀ ਝੋਨੇ ਦੀ ਲਵਾਈ ਨਹੀਂ ਕਰ ਸਕਦੇ। ਇਸੇ ਕਾਰਨਾਂ ਕਰਕੇ ਨਰਮੇ ਦੀ ਬਿਜਾਈ ਕਰਨ ਨੂੰ ਹੀ ਤਰਜ਼ੀਹ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਦੂਜਾ ਜੇ ਸਰਕਾਰੀ ਖ਼ਰੀਦ ਹੁੰਦੀ ਰਹੇ ਤਾਂ ਕਿਸਾਨ ਨਰਮਾ ਬੀਜਣ। ਬੇਸ਼ੱਕ ਇਸ ਸਾਲ ਸਰਕਾਰੀ ਖ਼ਰੀਦ ਹੋਈ ਹੈ, ਪਰ ਲੇਟ ਹੋਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਫ਼ਸਲ ਆਉਂਦਿਆਂ ਹੀ ਸਰਕਾਰੀ ਖ਼ਰੀਦ ਸ਼ੁਰੂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸਾਨ ਜਾਗਰੂਕ ਵੀ ਹੋ ਰਹੇ ਹਨ, ਕਿਉਂਕਿ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਹੈ ਅਤੇ ਝੋਨੇ ਦੀ ਲਵਾਈ ਹੁਣ ਕਿਸਾਨ ਘੱਟ ਕਰ ਰਹੇ ਹਨ ਤੇ ਨਰਮੇ ਦੀ ਬਿਜਾਈ ਨੂੰ ਹੀ ਤਰਜੀਹ ਦੇ ਰਹੇ ਹਨ।
ਉੱਧਰ ਕਿਸਾਨ ਲੱਖਾ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਉਨ੍ਹਾਂ ਨੂੰ ਸਮੇਂ ਸਿਰ ਫ਼ਸਲ ਦਾ ਸਹੀ ਮੁੱਲ ਦਿੱਤਾ ਜਾਵੇ ਤਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ ਖੁਆਰ ਨਾ ਹੋਣ ਦਿੱਤਾ ਜਾਵੇ। ਜਿਸ ਦੇ ਚੱਲਦਿਆਂ ਕਿਸਾਨ ਝੋਨੇ ਦੀ ਬਿਜਾਈ ਨੂੰ ਛੱਡ ਕੇ ਨਰਮੇ ਦੀ ਕਾਸ਼ਤ ਕਰਨ ਦੇ ਲਈ ਉਤਸ਼ਾਹਿਤ ਹੋਣ।
ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ.ਰਾਮ ਸਰੂਪ ਨੇ ਦੱਸਿਆ ਕਿ ਪਿਛਲੇ ਸਾਲ ਮਾਨਸਾ ਜ਼ਿਲ੍ਹੇ ਵਿੱਚੋਂ 70 ਹਜ਼ਾਰ ਹੈਕਟੇਅਰ ਨਰਮੇ ਦੀ ਬਿਜਾਈ ਹੋਈ ਸੀ ਪਰ ਇਸ ਵਾਰ ਨਰਮੇ ਦੀ ਬਿਜਾਈ ਦਾ ਰਕਬਾ ਵਧਿਆ ਹੈ। ਇਸ ਵਾਰ ਮਾਨਸਾ ਜ਼ਿਲ੍ਹੇ ਵਿੱਚੋਂ 95 ਹਜ਼ਾਰ ਨਰਮੇ ਦਾ ਰਕਬਾ ਵਧਿਆ ਹੈ।
ਉੱਥੇ ਹੀ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਮਾਰਚ ਮਹੀਨੇ ਤੋਂ ਹੀ ਜਾਗਰੂਕਤਾ ਕੈਂਪ ਲਗਾ ਕੇ ਨਰਮੇ ਦੀ ਬਿਜਾਈ ਕਰਨ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਸੀ। ਜਿਸ ਦੇ ਨਤੀਜੇ ਵਜੋਂ ਕਿਸਾਨਾਂ ਨੇ ਮਾਨਸਾ ਜ਼ਿਲ੍ਹੇ ਵਿੱਚ ਨਰਮੇ ਦੀ ਫ਼ਸਲ ਦੀ ਬਿਜਾਈ ਕਰਨ ਨੂੰ ਤਰਜ਼ੀਹ ਦਿੱਤੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਦੇ ਚੰਗੇ ਨਤੀਜੇ ਮਿਲੇ ਹਨ।