ਮਾਨਸਾ: ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਤੋਂ ਕਿਸਾਨਾਂ ਵੱਲੋਂ ਬਦਲਵੀਂ ਖੇਤੀ ਸ਼ੁਰੂ ਕੀਤੀ ਗਈ ਸੀ। ਇਸ 'ਚ ਕਿਸਾਨਾਂ ਵੱਲੋਂ ਸ਼ਿਮਲਾ ਮਿਰਚ, ਹਰੇ ਮਟਰ ਅਤੇ ਖਰਬੂਜੇੇ ਦੀ ਕਾਸ਼ਤ ਕੀਤੀ ਗਈ ਹੈ, ਪਰ ਇਸ ਵਾਰ ਕੋਰੋਨਾ ਵਾਇਰਸ ਦੇ ਕਾਰਨ ਕਿਸਾਨਾਂ ਨੂੰ ਸ਼ਿਮਲਾ ਮਿਰਚ ਸੜਕਾਂ ਉੱਤੇ ਸੁੱਟਣੀ ਪਈ, ਉੱਥੇ ਹੀ ਹੁਣ ਖਰਬੂਜੇ ਦੀ ਫ਼ਸਲ ਵੀ ਖੇਤਾਂ ਵਿੱਚ ਪਈ ਖ਼ਰਾਬ ਹੋ ਰਹੀ ਹੈ।
ਈਟੀਵੀ ਭਾਰਤ ਨਾਲ ਆਪਣੀ ਪਰੇਸ਼ਾਨੀ ਸਾਂਝੀ ਕਰਦਿਆਂ ਕਿਸਾਨ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਢੇ ਛੇ ਏਕੜ ਵਿੱਚ ਖਰਬੂਜੇ ਦੀ ਕਾਸ਼ਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਕਿਸਾਨਾਂ ਨੂੰ ਖਰਬੂਜ਼ੇ ਦਾ ਰੇਟ 50 ਤੋਂ 60 ਰੁਪਏ ਦੇ ਮਿਲ ਰਿਹਾ ਸੀ। ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਉਨ੍ਹਾਂ ਨੂੰ ਸਬਜ਼ੀਆਂ ਤੇ ਫਲਾਂ ਦੀ ਫਸਲ ਦਾ ਸਹੀ ਰੇਟ ਨਹੀਂ ਮਿਲ ਰਿਹਾ।
ਲੌਕਡਾਊਨ ਨਾਲ ਪ੍ਰਭਾਵਤ ਹੋਣ ਦੇ ਚਲਦੇ ਉਹ ਮਹਿਜ਼ 20 ਤੋਂ 30 ਰੁਪਏ 'ਚ ਹੀ ਖਰਬੂਜਾ ਮੰਡੀਆਂ 'ਚ ਵੇਚਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਖਰਬੂਜੇ ਦੀ ਜ਼ਿਆਦਾਤਰ ਮੰਗ ਚੰਡੀਗੜ੍ਹ ਸਣੇ ਹੋਰਨਾਂ ਸੂਬਿਆਂ ਜਿਵੇਂ ਦਿੱਲੀ ਆਦਿ ਤੇ ਹੋਰਨਾਂ ਵੱਡੇ ਸ਼ਹਿਰਾਂ 'ਚ ਹੁੰਦੀ ਹੈ, ਪਰ ਕਰਫਿਊ ਦੇ ਚਲਦੇ ਇਸ ਵਾਰ ਖਰਬੂਜੇੇ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਇਸ ਲਈ ਖਰਬੂਜ਼ੇ ਦੀ ਫਸਲ ਖੇਤਾਂ 'ਚ ਹੀ ਖ਼ਰਾਬ ਹੋ ਰਹੀ ਹੈ।
ਹੋਰ ਪੜ੍ਹੋ:ਅੰਮ੍ਰਿਤਸਰ ਦੇ ਲੋਕਾਂ ਦਾ ਮਿੱਟੀ ਦੇ ਭਾਂਡਿਆਂ ਵੱਲ ਵਧਿਆ ਰੁਝਾਨ
ਹੋਰਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਨੂੰ ਖਰਬੂਜੇੇ ਦੀ ਫਸਲ ਤੋਂ ਵਧੀਆ ਮੁਨਾਫਾ ਹੋਣ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋ ਸਕਿਆ ਜਿਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਸਬਸਿਡੀ ਦੇਣ ਦੇ ਵਾਅਦੇ ਕਰਦੀ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮਦਦ ਨਹੀਂ ਮਿਲ ਸਕੀ ਹੈ। ਉਨ੍ਹਾਂ ਆਖਿਆ ਕਿ ਇਸ ਵਾਰ ਕਿਸਾਨਾਂ ਨੂੰ ਕੋਰੋਨਾ ਤੇ ਕੁਦਰਤ ਵੱਲੋਂ ਦੋਹਰੀ ਮਾਰ ਝੱਲਣੀ ਪੈ ਰਹੀ ਹੈ, ਪਰ ਸੂਬਾ ਸਰਕਾਰ ਕਿਸਾਨਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਲਈ ਕੋਈ ਰਾਹਤ ਪੈਕੇਜ ਜਾਰੀ ਕੀਤਾ ਜਾਵੇ ਤਾਂ ਜੋਂ ਬਦਲਵੀਂ ਖੇਤੀ ਕਰਨ ਵਾਲੇ ਕਿਸਾਨ ਆਰਥਿਕ ਤੰਗੀ ਤੋਂ ਬੱਚ ਸਕਣ।