ਮਾਨਸਾ: ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਭਾਰਤ ਵਿੱਚ ਪਿਛਲੇ ਦੋ ਮਹੀਨੇ ਤੋਂ ਲੌਕਡਾਊਨ ਚੱਲ ਰਿਹਾ ਹੈ। ਲੌਕਡਾਨ ਕਾਰਨ ਮਜ਼ਦੂਰ ਔਰਤਾਂ ਬੇਰੁਜ਼ਗਾਰ ਹਨ ਅਤੇ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਵੱਲੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਵਿੱਚ ਅਸਮਰਥ ਹਨ।
ਪ੍ਰਾਈਵੇਟ ਕੰਪਨੀਆਂ ਦੇ ਕਰਮਚਾਰੀ ਇਨ੍ਹਾਂ ਔਰਤਾਂ ਨੂੰ ਧਮਕਾ ਰਹੇ ਹਨ ਜਿਸ ਦੇ ਰੋਸ ਵਜੋਂ ਸੋਮਵਾਰ ਨੂੰ ਮਾਨਸਾ ਵਿਖੇ ਪ੍ਰਾਈਵੇਟ ਕੰਪਨੀਆਂ ਦੇ ਖ਼ਿਲਾਫ਼ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ 'ਚ ਮਾਨਸਾ ਦੀਆਂ ਔਰਤਾਂ ਨੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਵੱਲੋਂ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਤੋਂ ਲਿਆ ਕਰਜ਼ ਮਾਫ਼ ਕੀਤਾ ਜਾਵੇ।
ਇਸ ਦੌਰਾਨ ਸੁਖਵਿੰਦਰ ਕੌਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਾਰਨ ਉਹ ਦੋ ਮਹੀਨਿਆਂ ਤੋਂ ਆਪਣੇ ਘਰਾਂ ਵਿੱਚ ਬੰਦ ਹਨ ਅਤੇ ਕੋਈ ਵੀ ਕੰਮ ਨਹੀਂ ਚੱਲ ਰਿਹਾ। ਪ੍ਰਾਈਵੇਟ ਫਾਈਨਾਂਸ ਕੰਪਨੀਆਂ ਵਾਲੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਅਤੇ ਕਿਸ਼ਤਾਂ ਨਾ ਭਰਨ 'ਤੇ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਰੁਜ਼ਗਾਰ ਨਾ ਹੋਣ ਕਾਰਨ ਉਹ ਕਿਸ਼ਤਾਂ ਨਹੀਂ ਭਰ ਸਕਦੇ।