ਮਾਨਸਾ: ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਇਕ ਵਿਅਕਤੀ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ। ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਆਬਕਾਰੀ ਸਟਾਫ਼ ਦੇ ਇੰਚਾਰਜ ਥਾਣੇਦਾਰ ਸੁਖਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਲਜ਼ਮ ਰਾਮਪਾਲ ਸਿੰਘ ਵਾਸੀ ਬਰਨਾਲਾ ਥਾਣਾ ਸਦਰ ਮਾਨਸਾ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮ ਪਾਸੋਂ ਇਕ ਪਿਸਟਲ 315 ਬੋਰ ਦੇਸੀ ਸਮੇਤ ਦੋ ਜਿੰਦਾ ਕਾਰਤੂਸ ਬਰਾਮਦ ਹੋਏ ਹਨ।
ਉਨ੍ਹਾਂ ਦੱਸਿਆ ਕਿ ਆਬਕਾਰੀ ਵਿਭਾਗ ਦੀ ਟੀਮ ਰੇਡ ਦੇ ਸੰਬੰਧ ਵਿਚ ਪਿੰਡ ਜਵਾਹਰਕੇ ਤੋਂ ਬਰਨਾਲਾ ਨੂੰ ਜਾ ਰਹੀ ਸੀ ਤਾਂ ਬਰਨਾਲਾ ਵੱਲੋਂ ਆ ਰਹੇ ਇਕ ਵਿਅਕਤੀ ਦੀ ਸ਼ੱਕ ਤੌਰ ’ਤੇ ਤਲਾਸ਼ੀ ਕੀਤੀ ਗਈ ਤਾਂ ਉਸ ਪਾਸੋਂ ਇਕ ਪਿਸਤੌਲ 315 ਬੋਰ ਦੇਸੀ ਸਮੇਤ ਦੋ ਕਾਰਤੂਸ ਜ਼ਿੰਦਾ ਬਰਾਮਦ ਹੋਏ। ਪੁਲਿਸ ਵੱਲੋਂ ਉਸ ਨੂੰ ਮੌਕੇ 'ਤੇ ਕਾਬੂ ਕਰਕੇ ਅਸਲਾ ਕਬਜ਼ੇ ਵਿਚ ਲੈ ਲਿਆ ਹੈ।
ਪੁਲਿਸ ਨੇ ਅਗਲੀ ਕਾਰਵਾਈ ਕਰਦਿਆਂ ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 73 ਅਪਰਾਧਿਕ ਧਾਰਾ 25/54/59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।