ਮਾਨਸਾ: ਪੰਜਾਬ ਦੇ ਮਾਹੌਲ ਨੂੰ ਲੈ ਕੇ ਹਰ ਕੋਈ ਚਿੰਤਾ ਵਿੱਚ ਹੈ। ਇਸੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਡੀਸੀ ਦਫ਼ਤਰਾਂ ਬਾਹਰ ਧਰਨਾ ਦੇ ਕੇ ਮੰਗ ਪੱਤਰ ਦਿੱਤੇ ਗਏ। ਇਸ ਮੌਕੇ ਕਿਸਾਨਾਂ ਨੇ ਬੇਕਸੂਰ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਕਿਸਾਨਾਂ ਨੇ ਆਖਿਆ ਕਿ ਜਿਹੜੇ ਨੌਜਵਾਨਾਂ ਉੱਪਰ ਐਨਐਸਏ ਲਗਾਈ ਗਈ ਹੈ ਉਸ ਨੂੰ ਵੀ ਰੱਦ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਨੌਜਵਾਨਾਂ ਨਾਲ ਧੱਕਾ ਹੋ ਰਿਹਾ ਹੈ।
ਕੇਂਦਰ ਕਰ ਰਹੀ ਪੰਜਾਬ ਦਾ ਮਾਹੌਲ਼ ਖ਼ਰਾਬ: ਕਿਸਾਨਾਂ ਨੇ ਪ੍ਰਦਰਸ਼ਨ ਕਰਦੇ ਕਿਹਾ ਕਿ ਪੰਜਾਬ ਦਾ ਮਾਹੌਲ ਕਿਸਾਨ ਜਾਂ ਸਿੱਖ ਖ਼ਰਾਬ ਨਹੀਂ ਕਰ ਰਹੇ ਬਲਕਿ ਕੇਂਦਰ ਸਰਾਕਰ ਵੱਲੋਂ ਕੀਤਾ ਜਾ ਰਿਹਾ ਹੈ।ਜਿਸ ਕਾਰਨ ਪੰਜਾਬ ਸਰਕਾਰ ਵੀ ਕੇਂਦਰ ਦੀ ਬੋਲੀ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਕਿਸਾਨੀ ਅੰਦੋਲਨ 'ਚ ਹੋਈ ਕਿਸਾਨਾਂ ਦੀ ਜਿੱਤ ਦਾ ਬਦਲਾ ਲੈ ਰਹੀ ਹੈ।ਕੇਂਦਰ ਤੋਂ ਪੰਜਾਬ ਦੀ ਜਿੱਤ ਕਦੇ ਵੀ ਬਰਦਾਸ਼ਤ ਨਹੀਂ ਹੋਈ। ਹੁਣ ਕਿਸੇ ਨਾ ਕਿਸੇ ਤਰ੍ਹਾਂ 2024 ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ 'ਚ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਪੰਜਾਬ 'ਚ ਕੁੱਝ ਵੀ ਠੀਕ ਨਹੀਂ ਹੈ।
ਕਿਸਾਨਾਂ ਨੂੰ ਮਿਲੇ ਮੁਆਵਜ਼ਾ: ਕਿਸਾਨਾਂ ਨੇ ਪੰਜਾਬ ਸਰਕਾਰ 'ਤੇ ਭੜਾਸ ਕੱਢਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ 'ਤੇ ਤੁਲੀ ਹੋਈ ਹੈ ਤਾਂ ਜ ਕਿਸਾਨਾਂ ਨੂੰ ਮੁਆਵਜ਼ਾ ਨਾ ਦੇਣਾ ਪਵੇ। ਕਿਸਾਨਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੇ 92 ਐਮ.ਐਲ.ਏ ਦੇ ਕੇ ਭਗਵੰਤ ਮਾਨ ਨੂੰ ਪੰਜਾਬ ਦਿੱਤਾ ਹੈ ਤਾਂ ਕਿ ਪੰਜਾਬ ਅਤੇ ਪੰਜਾਬ ਦੇ ਲੋਕਾਂ ਭਲਾ ਹੋ ਕੇ ਨਾ ਕਿ ਪੰਜਾਬ ਬਰਬਾਦ ਹੋਵੇ। ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਆਖਿਆ ਕਿਪੰਜਾਬ ਦਾ ਖਿਆਲ ਕੀਤਾ ਜਾਵੇ ਨਾ ਕਿ ਦਿੱਲੀ ਦਾ ਖਿਆਲ ਕੀਤਾ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ਨੇ ਪੰਜਾਬ ਨਾਲ ਹਮੇਸ਼ਾ ਧੱਕਾ ਹੀ ਕੀਤਾ ਹੈ।
ਕਿਸਾਨਾਂ ਦੀ ਕੇਂਦਰ ਨੂੰ ਚਿਤਾਵਨੀ: ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਜਲਦ ਹੀ ਪੰਜਾਬ ਦੇ ਵਿੱਚ ਮਾਹੌਲ ਠੀਕ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਕਿਸਾਨ ਜਥੇਬੰਦੀਆਂ ਸੰਘਰਸ਼ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਕਰਨਗੀਆਂ । ਕਿਉਂਕਿ ਪੰਜਾਬ ਦੇ ਹੱਕਾਂ ਲਈ ਤਾਂ ਪੰਜਾਬ ਦੇ ਲੋਕ ਹਮੇਸ਼ਾ ਤੋਂ ਹੀ ਆਪਣੀ ਆਵਾਜ਼ ਬੁਲ਼ੰਦ ਕਰਦੇ ਹਨ ਅਤੇ ਹਕੂਮਤਾਂ ਨੂੰ ਝੁਕਾਉਂਦੇ ਹਨ।
ਇਹ ਵੀ ਪੜ੍ਹੋ: Trains cancelled Due to Farmers Protest: ਕਿਸਾਨੀ ਮੋਰਚੇ ਨਾਲ ਟਰੇਨਾਂ ਪ੍ਰਭਾਵਿਤ, 10 ਰੇਲਾਂ ਰੱਦ, 3 ਡਾਇਵਰਟ