ਮਾਨਸਾ: ਜ਼ਿਲ੍ਹੇ ਦੇ ਪਿੰਡ ਅਕਬਰਪੁਰ ਖੁਡਾਲ ਵਿਖੇ B.ED ਦੀ ਪੜ੍ਹਾਈ ਕਰ ਰਹੀ ਜੋਤੀ ਕੌਰ ਆਪਣੀ ਬੀਮਾਰ ਮਾਂ ਦੇ ਇਲਾਜ ਅਤੇ ਆਪਣੀ ਕਾਲਜ ਦੀ ਫੀਸ ਭਰਨ ਲਈ ਖੇਤਾਂ ਵਿੱਚ ਝੋਨਾ ਲਗਾਉਣ ਲਈ ਮਜ਼ਬੂਰ ਹੈ। ਜੋਤੀ ਕੌਰ ਨੇ ਦੱਸਿਆ ਕਿ ਉਹ ਦੋ ਭੈਣਾਂ ਹਨ, ਜੋ ਝੋਨਾ ਲਗਾ ਰਹੀਆਂ ਹਨ ਅਤੇ ਇੱਕ ਛੋਟਾ ਭਰਾ ਹੈ, ਜੋ ਦੁੱਧ ਵਾਲੀ ਡੇਅਰੀ ਉੱਤੇ ਕੰਮ ਕਰਦਾ ਹੈ। ਇਸ ਨਾਲ ਘਰ ਦਾ ਗੁਜ਼ਾਰਾ ਚੱਲਦਾ ਹੈ ਅਤੇ ਪਿਤਾ ਦੀ ਮਜ਼ਦੂਰੀ ਨਾਲ ਮਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਘਰ ਦੇ ਅਜਿਹੇ ਹਾਲਾਤ ਹੁੰਦੇ ਹਨ ਕਿ ਕੋਈ ਪੈਸਾ ਨਾ ਹੋਣ ਕਾਰਨ ਮਨ ਉਦਾਸ ਹੋ ਜਾਂਦਾ ਹੈ।
ਪੜ੍ਹਾਈ ਦੇ ਨਾਲ-ਨਾਲ ਗਾਉਣ ਦਾ ਵੀ ਸ਼ੌਂਕ: ਜੋਤੀ ਨੇ ਦੱਸਿਆ ਕਿ ਉਹ ਬੀ.ਐਡ ਦੀ ਪੜ੍ਹਾਈ ਕਰ ਰਹੀ ਹੈ। ਉਸ ਨੇ ਉਦਾਸ ਮਨ ਨਾਲ ਦੱਸਿਆ ਕਿ ਕਾਲਜ ਦੀ ਫੀਸ ਭਰਨ ਦੀ ਚਿੰਤਾ ਅਤੇ ਦੂਜਾ ਮਾਂ ਦੇ ਇਲਾਜ ਲਈ ਪੈਸੇ ਇਕੱਠੇ ਕਰਨ ਦੀ ਵੀ ਚਿੰਤਾ ਸਤਾ ਰਹੀ ਹੈ। ਇਸ ਕਾਰਨ ਉਹ ਖੇਤਾਂ ਵਿੱਚ ਝੋਨਾ ਲਗਾ ਰਹੀ ਹੈ। ਜੋਤੀ ਨੇ ਦੱਸਿਆ ਕਿ ਉਸ ਨੂੰ ਗਾਉਣ ਦਾ ਵੀ ਸ਼ੌਂਕ ਰੱਖਦੀ ਹੈ, ਜੋ ਪੜ੍ਹਾਈ ਦੇ ਨਾਲ ਨਾਲ ਬਰਕਰਾਰ ਹੈ।
ਜੋਤੀ ਨੇ ਦੱਸਿਆ ਕਿ ਉਹ ਇੱਕਲੀ ਹੀ ਨਹੀਂ, ਸਗੋ ਹਰ ਵੀ ਕਈ ਕੁੜੀਆਂ ਅਜਿਹੀਆਂ ਹਨ ਜੋ ਕਿ ਪੈਸੇ ਨਾਲ ਹੋਣ ਦੇ ਚੱਲਦੇ ਖੇਤਾਂ ਵਿੱਚ ਕੰਮ ਕਰਨ ਨੂੰ ਮਜ਼ਬੂਰ ਹੋ ਜਾਂਦੀਆਂ ਹਨ। ਤਾਂ ਕਿ ਉਨ੍ਹਾਂ ਦੀ ਪੜ੍ਹਾਈ ਅੱਗੇ ਵੀ ਜਾਰੀ ਰਹੇ। ਕਈ ਕੁੜੀਆਂ ਦੀ ਤਾਂ ਪੈਸਿਆਂ ਦੀ ਕਮੀ ਕਰਕੇ ਪੜ੍ਹਾਈ ਹੀ ਬੰਦ ਹੋ ਜਾਂਦੀ ਹੈ ਅਤੇ ਸਿਰਫ਼ ਘਰ ਦਾ ਗੁਜ਼ਾਰਾ ਕਰਨ ਲਈ ਉਹ ਖੇਤ ਵਿੱਚ ਕੰਮ ਕਰਨ ਲਈ ਮਜ਼ਬੂਰ ਹੋ ਜਾਂਦੀਆਂ ਹਨ।
ਮਜ਼ਬੂਰੀ ਨੇ ਖੇਤਾਂ ਵਿੱਚ ਰੋਲ੍ਹਿਆ: ਜੋਤੀ ਕੌਰ ਨੇ ਦੱਸਿਆ ਕਿ ਸੁਪਨਾ ਤਾਂ ਉੱਚੀਆਂ ਉਡਾਰੀਆਂ ਲਾਉਣ ਦਾ ਹੈ, ਪਰ ਘਰ ਦੀ ਮਜ਼ਬੂਰੀ ਕਾਰਨ ਕਿਤੇ ਨਾ ਕਿਤੇ ਮਨ ਉਦਾਸ ਹੋ ਜਾਂਦਾ ਹੈ। ਖੇਤਾਂ ਵਿੱਚ ਝੋਨਾ ਲਗਾ ਰਹੇ ਮਜ਼ਦੂਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਬਹੁਤ ਹੀ ਹੋਣਹਾਰ ਲੜਕੀ ਹੈ, ਜੋ ਪੜ੍ਹਾਈ ਦੇ ਨਾਲ-ਨਾਲ ਮਿਹਨਤ ਮਜ਼ਦੂਰੀ ਕਰਕੇ ਆਪਣੀ ਮਾਤਾ ਦਾ ਇਲਾਜ ਕਰਵਾਉਣ ਵਿੱਚ ਵੀ ਪਿਤਾ ਦੀ ਮਦਦ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰਾਂ ਨੂੰ ਵੀ ਅਜਿਹੇ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ, ਤਾਂ ਕਿ ਉਹ ਆਪਣੀ ਪੜ੍ਹਾਈ ਨੂੰ ਬਰਕਰਾਰ ਰੱਖ ਸਕਣ। ਉਨ੍ਹਾਂ ਕਿਹਾ ਕਿ ਇਸ ਲੜਕੀ ਦੇ ਨਾਲ-ਨਾਲ ਪਿੰਡ ਵਿੱਚ ਹੋਰ ਵੀ ਕਈ ਕੁੜੀਆਂ ਹਨ, ਜੋ ਮਜ਼ਬੂਰੀ ਕਾਰਨ ਪੜਾਈ ਛੱਡ ਕੇ ਜਾਂ ਪੜਾਈ ਕਰਨ ਲਈ ਖੇਤਾਂ ਵਿੱਚ ਕੰਮ ਰਹੀਆਂ ਹਨ।