ਮਾਨਸਾ: ਕਾਟਨ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਇਸ ਸੀਜ਼ਨ ਦੌਰਾਨ ਕਿਸਾਨ ਅੰਦੋਲਨ ਦੇ ਚਲਦੇ ਸਹੀ ਸਮੇਂ ’ਤੇ ਖਰੀਦ ਸ਼ੁਰੂ ਕੀਤੀ ਗਈ ਹੈ। ਇਸ ਸਾਲ ਸਹੀ ਸਮੇਂ ਤੇ ਸਹੀ ਮੁੱਲ ਮੁਤਾਬਕ 6 ਲੱਖ ਕੁਇੰਟਲ ਨਰਮਾ ਸਮਰਥਨ ਮੁੱਲ (ਐਮਐਸਪੀ) ’ਤੇ ਖਰੀਦਿਆ ਗਿਆ ਹੈ, ਜਿਸ ਦਾ ਕਿਸਾਨਾਂ ਨੂੰ ਸਹੀ ਤੇ ਵਾਜਬ ਮੁੱਲ ਮਿਲਣ ’ਤੇ ਚੰਗਾ ਲਾਭ ਹੋਇਆ ਹੈ।
ਖਰੀਦ 'ਤੇ ਦਿਖਾਈ ਦੇ ਰਿਹੈ ਕਿਸਾਨ ਅੰਦੋਲਨ ਦਾ ਅਸਰ
ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ (CCI) ਵੱਲੋਂ ਮੰਡੀਆਂ ਵਿੱਚੋਂ ਨਰਮੇ ਦੀ ਰਿਕਾਰਡਤੋੜ ਖਰੀਦ ਕੀਤੇ ਜਾਣ ਦਾ ਕਾਰਨ ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਅੰਦੋਲਨ ਦਾ ਅਸਰ ਦੱਸ ਰਹੇ ਹਨ। ਸਰਕਾਰੀ ਖ਼ਰੀਦ ਏਜੰਸੀ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਸੀਸੀਆਈ ਨੇ ਪਿਛਲੇ ਸਾਲ ਫ਼ਸਲ ਦੀ ਖ਼ਰੀਦ ਜਿੱਥੇ ਨਵੰਬਰ ਮਹੀਨੇ ਵਿੱਚ ਸ਼ੁਰੂ ਕੀਤੀ ਸੀ, ਉੱਥੇ ਹੀ ਇਸ ਸਾਲ ਪੰਜ ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰੀ ਖਰੀਦ ਜਲਦੀ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਪੂਰਾ ਮੁੱਲ ਮਿਲਿਆ ਹੈ।
ਪਹਿਲਾਂ ਜਿੰਨਾ ਨਰਮਾ ਪੂਰੇ ਸੀਜ਼ਨ ’ਚ ਖਰੀਦਿਆ ਜਾਂਦਾ ਸੀ, ਹੁਣ ਤੱਕ ਖ਼ਰੀਦਿਆ ਗਿਆ: ਗੋਰਾ ਸਿੰਘ
ਕਿਸਾਨ ਗੋਰਾ ਸਿੰਘ ਨੇ ਦੱਸਿਆ ਕਿ ਸੀਸੀਆਈ ਵੱਲੋਂ ਪਹਿਲਾਂ ਵੀ ਫ਼ਸਲ ਦੀ ਖਰੀਦ ਕੀਤੀ ਜਾਂਦੀ ਹੈ ਪਰ ਕਿਸਾਨਾਂ ਨੂੰ ਪ੍ਰਾਈਵੇਟ ਵਪਾਰੀਆਂ ਦੀ ਲੁੱਟ ਕਰਵਾਉਣ ਦੇ ਲਈ ਉਹ ਜਲਦੀ ਮੰਡੀਆਂ ਵਿੱਚ ਨਹੀਂ ਆਉਂਦੀ ਸੀ। ਉਨ੍ਹਾਂ ਕਿਹਾ ਕਿ ਇਸ ਸਾਲ ਕਿਸਾਨ ਅੰਦੋਲਨ ਦੇ ਕਾਰਨ ਸੀਸੀਆਈ ਮੰਡੀਆਂ ’ਚ ਮੌਕੇ ’ਤੇ ਆਈ ਹੈ ਜਿਸ ਕਾਰਨ ਕਿਸਾਨਾਂ ਨੂੰ ਫ਼ਸਲ ਦਾ ਪੂਰਾ ਮੁੱਲ ਮਿਲਿਆ ਹੈ ਅਤੇ ਕਿਸਾਨਾਂ ਨੂੰ ਚੰਗਾ ਲਾਭ ਵੀ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿੰਨੀ ਫ਼ਸਲ ਸੀਸੀਆਈ ਵੱਲੋਂ ਪੂਰੇ ਸੀਜ਼ਨ ਵਿੱਚ ਖ਼ਰੀਦ ਕੀਤੀ ਜਾਂਦੀ ਸੀ, ਉਹੀ ਫ਼ਸਲ ਦੀ ਸੀਸੀਆਈ ਵੱਲੋਂ ਹੁਣ ਤੱਕ ਖਰੀਦ ਕੀਤੀ ਜਾ ਚੁੱਕੀ ਹੈ।
ਪਿਛਲੇ ਸਾਲ ਨਾਲੋਂ ਇਸ ਵਾਰ ਹੋਈ ਜ਼ਿਆਦਾ ਖਰੀਦ
ਕਾਟਨ ਕਾਰਪੋਰੇਸ਼ਨ ਆਫ ਇੰਡੀਆ ਅਧਿਕਾਰੀ ਸ਼ੈਲੇਂਦਰ ਤਿਵਾੜੀ ਨੇ ਦੱਸਿਆ ਕਿ ਪਿਛਲੇ ਸਾਲ ਮਾਨਸਾ ਜ਼ਿਲ੍ਹੇ ਦੀ ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਬਰੇਟਾ ਅਤੇ ਭੀਖੀ ਦੀ ਅਨਾਜ ਮੰਡੀ ਵਿਚੋਂ 10 ਲੱਖ 40 ਹਜ਼ਾਰ ਕੁਇੰਟਲ ਨਰਮੇ ਦੀ ਫ਼ਸਲ ਆਈ ਸੀ ਅਤੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਨੇ ਸਿਰਫ਼ 5 ਲੱਖ ਕੁਇੰਟਲ (ਇੱਕ ਲੱਖ ਗੱਠਾਂ) ਨਰਮੇ ਦੀ ਫਸਲ ਖਰੀਦ ਕੀਤੀ ਗਈ ਸੀ ਜਦੋਂਕਿ ਇਸ ਸਾਲ ਸੀਸੀਆਈ ਨੇ ਸਰਕਾਰ ਵੱਲੋਂ ਤੈਅ ਕੀਤੇ ਗਏ ਸਮਰਥਨ ਮੁੱਲ 'ਤੇ ਹੁਣ ਤੱਕ ਮੰਡੀਆਂ ਵਿੱਚ ਆਈ 6 ਲੱਖ 63 ਹਜ਼ਾਰ 676 ਕੁਇੰਟਲ ਨਰਮੇ ਦੀ ਫ਼ਸਲ ਵਿੱਚੋਂ 6 ਲੱਖ ਕੁਇੰਟਲ ਫ਼ਸਲ ਖਰੀਦ ਕਰ ਲਈ ਗਈ ਹੈ।