ਮਾਨਸਾ: ਸਰਬ ਸਿੱਖਿਆ ਅਭਿਆਨ ਤਹਿਤ ਵੱਖ-ਵੱਖ ਵੰਨਗੀਆਂ ਦੇ ਜ਼ਿਲ੍ਹਾ ਪੱਧਰੀ ਕਲਾ ਉਤਸਵ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਜੇਤੂ ਰਹੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੰਜੀਵ ਕੁਮਾਰ ਵੱਲੋਂ ਸਨਮਾਨਿਤ ਕੀਤਾ ਗਿਆ।
ਵਿਦਿਆਰਥੀਆਂ ਨੂੰ ਮੁਕਾਬਲਿਆਂ ’ਚ ਲੈਣਾ ਚਾਹੀਦਾ ਹੈ ਹਿੱਸਾ
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਰੂਪ ਭਾਰਤੀ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਜ਼ਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਬਹੁਤ ਵਧੀਆ ਭਾਗੀਦਾਰੀ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰੇਕ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਭਾਗੀਦਾਰੀ ਕਰਕੇ ਆਪਣੀ ਕਲਾ ਨੂੰ ਨਿਖਾਰਨਾ ਚਾਹੀਦਾ ਹੈ। ਨਾਲ ਹੀ ਆਪਣੇ ਮਾਪਿਆਂ ਅਤੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕਰਨਾ ਚਾਹੀਦਾ ਹੈ।
ਇਹ ਵੀ ਪੜੋ: ਪੰਜਾਬ ਵਿਧਾਨ ਸਭਾ 'ਚ ਗੂੰਜਿਆ ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕਾਂ ਦਾ ਮੁੱਦਾ
ਵਿਦਿਆਰਥੀਆਂ ਦਾ ਵਧਾਇਆ ਗਿਆ ਹੌਂਸਲਾ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਨੋਡਲ ਅਫਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਸਰਬ ਸਿੱਖਿਆ ਅਭਿਆਨ ਤਹਿਤ ਜ਼ਿਲ੍ਹਾ ਪੱਧਰੀ ਕਲਾ ਉਤਸਵ ਵਿੱਚ ਲੋਕ ਗੀਤ, ਸ਼ਾਸਤਰੀ ਸਾਜ, ਲੋਕ ਨਾਚ ਆਦਿ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ ਸਨ। ਜਿਨ੍ਹਾਂ ਵਿੱਚ 14 ਵਿਦਿਆਰਥੀਆਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇਤੂ ਰਹੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਨਮਾਨਿਤ ਕੀਤਾ ਗਿਆ। ਨਾਲ ਹੀ ਉਨ੍ਹਾਂ ਦੇ ਹੌਂਸਲੇ ਨੂੰ ਵੀ ਵਧਾਇਆ ਗਿਆ ਤਾਂ ਜੋ ਉਹ ਭਵਿੱਖ ਚ ਵੀ ਇਸੇ ਤਰ੍ਹਾਂ ਮੁਕਾਬਲਿਆਂ ਚ ਹਿੱਸਾ ਲੈਣ ਤੇ ਆਪਣੇ ਮਾਪਿਆਂ ਅਤੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕਰਨ।