ਮਾਨਸਾ: ਕੇਂਦਰ ਸਰਕਾਰ (Central Government) ਖ਼ਿਲਾਫ਼ ਖੇਤੀ ਕਾਨੂੰਨਾਂ (Agricultural laws) ਦੇ ਮੱਦੇਨਜ਼ਰ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰਨ ਤੋਂ ਬਾਅਦ ਮਾਨਸਾ (Mansa) ਜ਼ਿਲ੍ਹੇ ਦੀਆਂ ਔਰਤਾਂ ਵਾਪਸ ਪੰਜਾਬ ਪਰਤਣ ਸਮੇਂ ਟਰੱਕ ਹਾਦਸੇ ਦੀ ਸ਼ਿਕਾਰ ਹੋ ਗਈਆਂ। ਜਿੰਨ੍ਹਾਂ ਵਿੱਚੋਂ ਤਿੰਨ ਔਰਤਾਂ ਦੀ ਮੌਤ ਹੋ ਗਈ। ਇਹ ਔਰਤਾ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਦੀਆਂ ਰਹਿਣ ਵਾਲੀਆਂ ਸਨ।
ਅੱਜ ਪਿੰਡ ਖੀਵਾ ਵਿਖੇ ਹਾਦਸਾਗ੍ਰਸਤ ਹੋਈਆਂ ਬੀਬੀਆਂ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਵੱਡੇ ਇਕੱਠ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੀ ਅੰਤਿਮ ਅਰਦਾਸ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਮੋਦੀ ਸਰਕਾਰ 'ਤੇ ਤੰਜ਼ ਕਰਦਿਆਂ ਕਿਹਾ ਕਿ ਹੁਣ ਤੱਕ ਇਸ ਅੰਦੋਲਨ ਦੇ ਵਿੱਚ 700 ਸੌ ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਕਿਸਾਨ ਹਾਰ ਨਹੀਂ ਮੰਨਣਗੇ, ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਇਹ ਸੰਘਰਸ਼ ਜ਼ਾਰੀ ਰਹੇਗਾ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ ਅਤੇ ਗੁਰਨਾਮ ਸਿੰਘ ਚੰਡੂਨੀ ਮ੍ਰਿਤਕ ਔਰਤਾਂ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਏ ਅਤੇ ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਬਹੁਤੀ ਮੰਦਭਾਗੀ ਘਟਨਾ ਵਾਪਰੀ ਹੈ, ਜਿਸਦੇ ਵਿਚ ਤਿੰਨ ਕਿਸਾਨ ਔਰਤਾਂ ਸ਼ਹੀਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਦਿੱਲੀ ਦੇ ਵੱਖ ਵੱਖ ਬਾਰਡਰਾ ਤੇ 700 ਸੌ ਤੋਂ ਜ਼ਿਆਦਾ ਕਿਸਾਨ ਮਜ਼ਦੂਰ ਸ਼ਹੀਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ (Central Government) ਦਾ ਅਜੇ ਤੱਕ ਵੀ ਦਿਲ ਨਹੀਂ ਪਸੀਜਿਆ ਗਿਆ ਕਿਉਂਕਿ ਏਨੀਆਂ ਜ਼ਿਆਦਾ ਸ਼ਹਾਦਤਾਂ ਹੋਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਰਾਜ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਦੀਆਂ ਚਾਹੇ ਕਿੰਨੀਆਂ ਹੀ ਕੋਸ਼ਿਸ਼ਾ ਕਿਉਂ ਨਾ ਕਰ ਲਵੇ, ਪਰ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਕਿਸਾਨਾਂ ਦਾ ਇਹ ਅੰਦੋਲਨ ਠੰਢਾ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਦਾ ਨਾਂ ਇਤਿਹਾਸ ਵਿੱਚ ਲਿਖਿਆ ਜਾਵੇਗਾ। ਜਦੋਂ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਸੰਬੰਧ ਵਿੱਚ ਕਿਸਾਨੀ ਅੰਦੋਲਨ ਦੀ ਗੱਲ ਹੋਵੇਗੀ, ਤਾਂ ਇਨ੍ਹਾਂ ਕਿਸਾਨ ਬੀਬੀਆਂ ਦਾ ਵੀ ਨਾਮ ਉਸ ਇਤਿਹਾਸ ਵਿਚ ਸ਼ਾਮਿਲ ਹੋਵੇਗਾ। ਇਸ ਦੌਰਾਨ ਹੀ ਉਨ੍ਹਾਂ ਪੰਜਾਬ ਸਰਕਾਰ ਤੋਂ ਇਨ੍ਹਾਂ ਬੀਬੀਆਂ ਦੇ ਪਰਿਵਾਰਾਂ ਦਾ ਪੂਰਨ ਕਰਜ਼ ਮਾਫ਼ ਕਰਨ ਅਤੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਕੀਤੀ।
ਇਹ ਵੀ ਪੜ੍ਹੋ: ਟਿਕਰੀ ਬਾਰਡਰ ’ਤੇ ਵੱਡਾ ਹਾਦਸਾ, ਮਾਨਸਾ ਜ਼ਿਲ੍ਹੇ ਨਾਲ ਸਬੰਧਤ ਸਨ ਔਰਤਾਂ