ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਲਵਾਲਾ ਦੀ ਅਨਾਜ ਮੰਡੀ 'ਚ ਪਿਛਲੇ ਛੇ ਦਿਨਾਂ ਤੋਂ ਰੁਲ ਰਹੇ ਓਲੰਪੀਅਨ ਖਿਡਾਰੀ ਸਵਰਨ ਸਿੰਘ ਵਿਰਕ ਦੀ ਈਟੀਵੀ ਭਾਰਤ ਵੱਲੋਂ ਖਬਰ ਨਸ਼ਰ ਕੀਤੇ ਜਾਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ 'ਚ ਆਇਆ ਤੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਪਿੰਡ ਦਲੇਲਵਾਲਾ ਦੀ ਅਨਾਜ ਮੰਡੀ 'ਚ ਪਹੁੰਚ ਕੇ ਤੁਰੰਤ ਸਵਰਨ ਸਿੰਘ ਵਿਰਕ ਦੀ ਕਣਕ ਦੀ ਖਰੀਦ ਕਰਵਾਈ ਗਈ ਅਤੇ ਹੋਰ ਕਿਸਾਨਾਂ ਦੀ ਕਣਕ ਦੀ ਭਰਾਈ ਵੀ ਸ਼ੁਰੂ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਉਹ ਪਿਛਲੇ ਛੇ ਦਿਨਾਂ ਤੋਂ ਮੰਡੀ 'ਚ ਰੁਲ ਰਿਹਾ ਸੀ ਅਤੇ ਈਟੀਵੀ ਭਾਰਤ ਵੱਲੋਂ ਖ਼ਬਰ ਨਸ਼ਰ ਕੀਤੇ ਜਾਣ ਤੋਂ ਬਾਅਦ ਹੀ ਪ੍ਰਸ਼ਾਸਨ ਹਰਕਤ 'ਚ ਆਇਆ। ਉਨ੍ਹਾਂ ਦੱਸਿਆ ਕਿ ਖ਼ਬਰ ਨਸ਼ਰ ਹੋਣ ਤੋਂ ਬਾਅਦ ਹੀ ਉਨ੍ਹਾਂ ਦੀ ਫਸਲ ਦੀ ਭਰਾਈ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਫਸਲਾਂ ਵੇਚਣ ਦੇ ਲਈ ਮੀਡੀਆ ਦਾ ਸਹਾਰਾ ਲੈਣਾ ਪਿਆ ਕਰੇਗਾ, ਸੋ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨ ਦੀ ਮੰਡੀ 'ਚ ਫਸਲ ਆਉਂਦਿਆਂ ਹੀ ਉਸ ਦੀ ਬੋਲੀ ਲਗਾਈ ਜਾਵੇ ਤਾਂ ਜੋ ਕਿਸਾਨ ਜਲਦੀ ਆਪਣੇ ਘਰ ਜਾਵੇ। ਇਸ ਮੌਕੇ ਉਨ੍ਹਾਂ ਵਲੋਂ ਈਟੀਵੀ ਭਾਰਤ ਦਾ ਧੰਨਵਾਦ ਵੀ ਕੀਤਾ ਗਿਆ।