ਮਾਨਸਾ: ਪੰਜਾਬ 'ਚ ਐੱਸਵਾਈਐੱਲ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਦੌਰਾਨ ਜਿਥੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੇ ਸਿਆਸੀ ਵਿਰੋਧੀਆਂ ਨੂੰ ਬਹਿਸ ਦਾ ਚੈਲੰਜ ਦਿੱਤਾ ਗਿਆ ਤਾਂ ਉਥੇ ਹੀ ਵਿਰੋਧੀਆਂ ਨੇ ਵੀ ਇਸ ਚੈਲੰਜ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਉਥੇ ਹੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਚੈਲੰਜ ਨੂੰ ਸਵੀਕਾਰ ਕਰਦਿਆਂ ਕਿਹਾ ਸੀ ਕਿ ਇੱਕ ਨਵੰਬਰ ਦੀ ਉਡੀਕ ਕਿਉਂ ਕਰਨੀ, 10 ਅਕਤੂਬਰ ਨੂੰ ਹੀ ਉਹ ਬਹਿਸ ਕਰਨ ਲਈ ਤਿਆਰ ਹਨ। ਜਿਸ 'ਚ ਅਕਾਲੀ ਦਲ ਵਲੋਂ ਬੀਤੇ ਦਿਨੀਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਯਤਨ ਵੀ ਕੀਤਾ ਗਿਆ, ਜਿਥੇ ਪੁਲਿਸ ਵਲੋਂ ਉਨ੍ਹਾਂ ਨੂੰ ਪਿਛੇ ਖਦੇੜ ਕੇ ਕਈ ਲੀਡਰਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ। (Harsimrat Badal Target on CM Mann)
ਕਾਂਗਰਸ ਤੇ 'ਆਪ' ਨੇ ਕੀਤਾ ਧੋਖਾ: ਉਥੇ ਹੀ ਬਠਿੰਡਾ ਤੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਰਦੂਲਗੜ੍ਹ ਦੇ ਪਿੰਡਾਂ ਦਾ ਦੌਰਾ ਕਰਨ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਜਮ ਕੇ ਨਿਸ਼ਾਨਾ ਸਾਧਿਆ। ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ 'ਆਪ' ਅਤੇ ਕਾਂਗਰਸ ਨੇ ਮਿਲ ਕੇ ਧੋਖਾ ਦਿੱਤਾ, ਜੋ ਉਨ੍ਹਾਂ ਦੇ ਗੱਠਜੋੜ ਤੋਂ ਸਾਫ਼ ਹੋ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਜੇ ਪਾਣੀ ਹੀ ਨਹੀਂ ਹੋਵੇਗਾ ਤਾਂ ਫਸਲ ਕਿਥੋਂ ਹੋਵੇਗੀ ਤੇ ਢਿੱਡ ਕਿਥੋਂ ਭਰਿਆ ਜਾਵੇਗਾ।
'ਆਪ' ਸਰਕਾਰ ਨੇ ਕੁਰਸੀ ਲਈ ਲੋਕਾਂ ਨਾਲ ਧੋਖਾ ਕੀਤਾ: ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਬਹੁਤ ਹੀ ਸੰਜੀਦਗੀ ਦਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੁਪਰੀਮ ਕੋਰਟ 'ਚ ਕੋਈ ਠੋਸ ਪੱਖ ਨਹੀਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਸੂਬੇ ਦੀ 'ਆਪ' ਸਰਕਾਰ ਨੇ ਕੁਰਸੀ ਲਈ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਹੋਰਨਾਂ ਸੂਬਿਆਂ ਨੂੰ ਪਾਣੀ ਦੇਣ ਦੀ ਤਿਆਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਖੁਦ ਬਹਿਸ ਦਾ ਚੈਲੰਜ ਦਿੱਤਾ ਤੇ ਜਦੋਂ ਅਕਾਲੀ ਦਲ ਆਇਆ ਤਾਂ ਖੁਦ ਸੂਬਾ ਛੱਡ ਕੇ ਮੱਧ ਪ੍ਰਦੇਸ਼ ਭੱਜ ਗਏ।
'ਲੋਕਾਂ ਨੂੰ ਮੁਸ਼ਕਿਲ 'ਚ ਛੱਡ ਭੱਜ ਜਾਂਦਾ ਮੁੱਖ ਮੰਤਰੀ': ਇਸ ਦੇ ਨਾਲ ਹੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਹਿਲਾਂ ਵੀ ਜਦੋਂ ਸੂਬੇ ਦੇ ਲੋਕਾਂ 'ਤੇ ਦੋ ਵਾਰ ਹੜ੍ਹ ਦੀ ਸਥਿਤੀ ਬਣੀ ਤਾਂ ਉਦੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੋਵੇਂ ਵਾਰ ਸੂਬੇ ਦੇ ਲੋਕਾਂ ਨੂੰ ਮੁਸ਼ਕਿਲ 'ਚ ਛੱਡ ਕੇ ਆਪਣੀ ਪਾਰਟੀ ਲਈ ਚੋਣ ਪ੍ਰਚਾਰ 'ਚ ਬਾਹਰੀ ਸੂਬਿਆਂ 'ਚ ਚਲੇ ਗਏ। ਉਨ੍ਹਾਂ ਕਿਹਾ ਕਿ ਨਾ ਤਾਂ ਕਿਸਾਨਾਂ ਨੂੰ ਹੁਣ ਤੱਕ ਫਸਲਾਂ ਦਾ ਕੋਈ ਮੁਆਵਜ਼ਾ ਹੀ ਦਿੱਤਾ ਗਿਆ। ਬੀਬਾ ਬਾਦਲ ਨੇ ਕਿਹਾ ਕਿ ਜਦੋਂ ਵੀ ਪੰਜਾਬ ਦੇ ਲੋਕਾਂ 'ਤੇ ਕੋਈ ਵੀ ਮੁਸ਼ਕਿਲ ਆਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਛੱਡ ਕੇ ਦੂਸਰੇ ਰਾਜਾਂ ਵਿੱਚ ਚਲੇ ਜਾਂਦੇ ਹਨ।
- Shubman Gill Health Updates: ਸ਼ੁਭਮਨ ਗਿੱਲ ਦਾ ਅਹਿਮਦਾਬਾਦ ਵਿੱਚ BCCI ਦੀ ਨਿਗਰਾਨੀ ਹੇਠ ਹੋਵੇਗਾ ਇਲਾਜ
- NIA raids at PFI premises: NIA ਨੇ ਦਿੱਲੀ, ਯੂਪੀ, ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ ਪੀਐਫਆਈ ਦੇ ਠਿਕਾਣਿਆਂ ਉੱਤੇ ਕੀਤੀ ਛਾਪੇਮਾਰੀ
- CM Mann on SYL: ਐੱਸਵਾਈਐੱਲ ਮੁੱਦੇ ’ਤੇ ਟਵੀਟ ਵਾਰ, ਮੁੱਖ ਮੰਤਰੀ ਮਾਨ ਨੇ ਇੱਕ ਵਾਰ ਫਿਰ ਭਰੀ ਲਲਕਾਰ, ਕਿਹਾ- ਥੋੜ੍ਹੀ ਸ਼ਰਮ ਕਰੋ
'ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਨ 'ਤੇ ਲੱਗੇ ਹੋਏ': ਹਰਸਿਮਰਤ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਕੁਰਸੀ ਨੂੰ ਬਚਾਉਣ ਦੇ ਚੱਕਰ 'ਚ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਨ 'ਤੇ ਲੱਗੇ ਹੋਏ ਹਨ ਅਤੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ 'ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਾਅਵੇ ਤਾਂ ਕੀਤੇ ਜਾ ਰਹੇ ਹਨ ਕਿ ਪੰਜਾਬ ਦਾ ਪਾਣੀ ਹੋਰ ਸੂਬਿਆਂ ਨੂੰ ਨਹੀਂ ਦੇਣਗੇ ਪਰ ਜਿੰਨ੍ਹਾਂ ਲੀਡਰਾਂ ਨਾਲ ਇਹ ਆਪਣੀਆਂ ਸਟੇਜਾਂ ਸਾਂਝੀਆਂ ਕਰ ਰਹੇ ਹਨ, ਉਹ ਹੀ ਲੀਡਰ ਐੱਸਵਾਈਐੱਲ ਬਣਾਉਣ ਦੀਆਂ ਗੱਲਾਂ ਕਰਦੇ ਹਨ। ਜਿਸ 'ਚ ਮੁੱਖ ਮੰਤਰੀ ਨੂੰ ਖੁਦ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਸਮਾਂ ਆ ਗਿਆ ਕਿ ਝੂਠੇ ਵਾਅਦੇ ਕਰਨ ਵਾਲੀ ਇਸ ਨਿਕੰਮੀ ਸਰਕਾਰ ਨੂੰ ਚੱਲਦਾ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਤਾਂ ਜੋ ਪੰਜਾਬ ਦੇ ਮੁੱਦਿਆਂ ਨੂੰ ਹੋਰ ਮਜ਼ਬੂਤੀ ਨਾਲ ਚੁੱਕ ਸਕਣ।