ਮਾਨਸਾ: ਇੱਕ ਪਾਸੇ ਜਿੱਥੇ ਸੰਸਾਰ ਭਰ ’ਚ 'ਵਰਲੱਡ ਕਿਡਨੀ ਡੇਅ' ਮਨਾਇਆ ਜਾ ਰਿਹਾ ਹੈ, ਤੇ ਸੰਸਾਰ ਭਰ ਦੇ ਲੋਕਾਂ ਨੂੰ ਕਿਡਨੀ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਉਲਟ ਪੰਜਾਬ ’ਚ ਸਰਕਾਰੀ ਪ੍ਰਬੰਧਾਂ ਦੀ ਤਸਵੀਰ ਅਜਿਹੀ ਸਾਹਮਣੇ ਆਉਂਦੀ ਹੈ ਕਿ ਲਗਦਾ ਹੈ ਕਿ ਰੋਗੀ ਹੋਣਾ ਪੰਜਾਬ ’ਚ ਸਮਝ ਲਓ ਨਰਕ ਭੋਗਣ ਦੇ ਬਰਾਬਰ ਹੈ। ਸਰਕਾਰਾਂ ਲਈ ਆਮ ਲੋਕਾਂ ਦੀ ਕੀਮਤ ਕੁਝ ਵੀ ਨਹੀਂ ਜਾਪਦੀ। ਜਿੱਥੇ ਹਰ ਰੋਜ਼ ਕੋਈ ਨਾ ਕੋਈ ਟੈਕਸ ਲਾ ਸਰਕਾਰਾਂ ਲੋਕਾਂ ਦਾ ਗਲਾ ਘੁੱਟ ਰਹੀਆਂ ਹਨ, ਉਸਦੇ ਉਲਟ ਸਾਨੂੰ ਸਹੂਲਤਾਂ ਨਾਮਾਤਰ ਹਨ।
ਵਰਲੱਡ ਕਿਡਨੀ ਦਿਵਸ ਮੌਕੇ ਈਟੀਵੀ ਭਾਰਤ ਵੱਲੋਂ ਕਿਡਨੀ ਮਰੀਜ਼ਾਂ ਦੇ ਪਰਿਵਾਰਕ ਮੈਬਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਡਾਇਲਾਸਿਸ ਕਰਵਾਉਣ ਵੇਲੇ ਉਨ੍ਹਾਂ ਨੂੰ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਵੱਲੋਂ ਮਾਨਸਾ ਦੇ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਜਨਮ ਤੋਂ ਹੀ ਕਿਡਨੀ ਦੀ ਸਮੱਸਿਆ ਹੈ ਤੇ ਉਹ ਪਾਣੀ ਵਾਂਗ ਆਪਣੇ ਪੁੱਤਰ ’ਤੇ ਪੈਸੇ ਵਹਾ ਚੁੱਕੇ ਹਨ।
ਸ਼ਹਿਰ ਵਾਸੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਕਿਡਨੀ ਦੀ ਬੀਮਾਰੀ ਤੋਂ ਪੀੜਤ ਹੈ ਅਤੇ ਉਨ੍ਹਾਂ ਨੂੰ ਰੋਜ਼ਾਨਾ ਮਾਨਸਾ ਪ੍ਰਾਈਵੇਟ ਹਸਪਤਾਲ ਵਿੱਚੋਂ ਡਾਇਲਸਿਸ ਕਰਵਾਉਣਾ ਪੈਂਦਾ ਹੈ ਇਸ ਤੋਂ ਪਹਿਲਾਂ ਉਨ੍ਹਾਂ ਵਾਰੀ ਹਸਪਤਾਲਾਂ ਵਿਚੋਂ ਵੀ ਇਲਾਜ ਕਰਵਾਇਆ ਹੈ ਇਲਾਜ ਮਹਿੰਗਾ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਕਿਹਾ ਕਿ ਗ਼ਰੀਬ ਵਿਅਕਤੀ ਨੂੰ ਇਹ ਇਲਾਜ ਕਰਵਾਉਣਾ ਮੁਸ਼ਕਲ ਹੈ ਜਿਸਦੇ ਚੱਲਦਿਆਂ ਉਨ੍ਹਾਂ ਨੂੰ ਕਈ ਵਾਰ ਤਾਂ ਪੈਸੇ ਇਕੱਠੇ ਕਰਕੇ ਆਪਣੇ ਮਰੀਜ਼ ਦਾ ਇਲਾਜ ਕਰਵਾਉਣਾ ਪੈਂਦਾ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਸੁਵਿਧਾਵਾਂ ਨਾ ਹੋਣ ਕਾਰਨ ਮਜਬੂਰੀ ਵਿੱਚ ਲੋਕਾਂ ਨੂੰ ਬਾਹਰੀ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਡਾਇਲਾਸਿਸ ਦੇ ਟੈਕਨੀਕਲ ਸਟਾਫ਼ ਦੀ ਤਾਇਨਾਤੀ ਕੀਤੀ ਜਾਵੇ।
ਸਿਵਲ ਹਸਪਤਾਲ ਮਾਨਸਾ ਦੇ ਐਸਐਮਓ ਡਾ ਹਰਚੰਦ ਸਿੰਘ ਨੇ ਦੱਸਿਆ ਕਿ ਮਾਨਸਾ ਸਿਵਲ ਹਸਪਤਾਲ ਵਿੱਚ ਡਾਇਲਾਸਿਸ ਦੇ ਲਈ ਪੂਰਾ ਪ੍ਰਬੰਧ ਹੈ ਅਤੇ ਉਨ੍ਹਾਂ ਦੱਸਿਆ ਕਿ ਇੱਥੇ ਚਾਰ ਬੈੱਡ ਮੌਜੂਦ ਹਨ ਜਿਨ੍ਹਾਂ ਵਿੱਚ ਕਿਡਨੀ ਮਰੀਜ਼ਾਂ ਦਾ ਡਾਇਲਸਿਸ ਕਰਨ ਦੇ ਲਈ ਦੋ ਮੈਡੀਸਨ ਡਾਕਟਰ ਅਤੇ ਦੋ ਨਰਸਿਜ਼ ਮੌਜੂਦ ਹਨ ਉਨ੍ਹਾਂ ਦੱਸਿਆ ਕਿ ਕਿਡਨੀ ਦੇ ਮਰੀਜ਼ਾਂ ਦਾ ਡਾਇਲਾਸਿਸ ਕਰਨ ਦੇ ਲਈ ਪ੍ਰਬੰਧ ਹਨ।