ਮਾਨਸਾ: ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਚੱਲ ਰਹੇ ਧਰਨੇ 'ਚ ਸ਼ਾਮਿਲ ਹੋਣ ਜਾ ਰਹੇ ਪੰਜਾਬ ਦੇ ਕਿਸਾਨਾਂ ਨੂੰ ਰਸਤੇ ਵਿੱਚ ਹੀ ਦਿੱਲੀ ਪੁਲਿਸ ਵੱਲੋਂ ਰੋਕ ਲਿਆ ਗਿਆ। ਇਸ ਦੇ ਵਿਰੋਧ 'ਚੋਂ ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ। ਇਸ ਦੇ ਤਹਿਤ ਮਾਨਸਾ ਬੁਢਲਾਡਾ ਤੇ ਸਰਦੂਲਗੜ੍ਹ 'ਚੋਂ ਵੀ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੀ ਅਰਥੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਦੇਸ਼ ਭਰ ਵਿੱਚ ਕੇਂਦਰ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਨੂੰ ਲੈ ਕੇ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਵੀ ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹੈ। ਇਸ ਪ੍ਰਦਰਸ਼ਨ 'ਚੋਂ ਦੇਸ਼ ਭਰ 'ਚੋਂ ਵੱਖ ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਸ਼ਾਮਿਲ ਹੋ ਕੇ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ।
ਮੰਗਲਵਾਰ ਪੰਜਾਬ ਤੋਂ ਗਏ ਸੈਂਕੜੇ ਕਿਸਾਨਾਂ ਨੂੰ ਦਿੱਲੀ ਪੁਲਿਸ ਵੱਲੋਂ ਸ਼ਾਹੀਨ ਬਾਗ ਤੋਂ ਤਿੰਨ ਕਿਲੋਮੀਟਰ ਪਹਿਲਾਂ ਹੀ ਰਸਤੇ ਵਿੱਚ ਰੋਕ ਲੈਣ ਦੇ ਵਿਰੋਧ 'ਚੋਂ ਪੰਜਾਬ ਭਰ ਵਿੱਚ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨਾਗਰਿਕਤਾ ਕਾਨੂੰਨ ਲਿਆ ਕੇ ਆਪਸੀ ਭਾਈਚਾਰੇ 'ਚੋਂ ਵੰਡੀਆਂ ਪਾ ਰਹੀ ਹੈ, ਜਿਸ ਨੂੰ ਕਦੇ ਵੀ ਪਾਸ ਹੋਣ ਨਹੀਂ ਦਿੱਤਾ ਜਾਵੇਗਾ।
ਉਨ੍ਹਾ ਕਿਹਾ ਕਿ ਜੇਕਰ ਸ਼ਾਹੀਨ ਬਾਗ ਵਿੱਚ ਕਿਸਾਨਾਂ ਨੂੰ ਨਾ ਜਾਣ ਦਿੱਤਾ ਗਿਆ ਤਾਂ ਕੇਂਦਰ ਸਰਕਾਰ ਦੇ ਖਿਲਾਫ ਆਉਣ ਵਾਲੇ ਦਿਨਾਂ 'ਚ ਇਸ ਤੋਂ ਵੀ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਸੱਦੇ 'ਤੇ ਰੇਲਾਂ ਜਾਂ ਸੜਕਾਂ ਜਾਮ ਵੀ ਕੀਤੀਆਂ ਜਾਣਗੀਆਂ।