ਮਾਨਸਾ: ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ 'ਚੋਂ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਸਰਕਾਰ ਦੇ ਇਨ੍ਹਾਂ ਯਤਨਾਂ ਸਦਕਾ ਮਾਨਸਾ ਦੇ ਪਿੰਡ ਭੈਣੀਬਾਘਾ ਦੇ ਕਿਸਾਨਾਂ ਵੱਲੋਂ ਜਿੱਥੇ ਲਗਪਗ 600 ਏਕੜ ਜ਼ਮੀਨ ਵਿੱਚ ਸ਼ਿਮਲਾ ਮਿਰਚ ਦੀ ਬਿਜਾਈ ਕੀਤੀ ਜਾ ਰਹੀ ਹੈ। ਉੱਥੇ ਹੀ ਹਰੇ ਮਟਰ, ਖ਼ਰਬੂਜ਼ਾ ਅਤੇ ਹੋਰ ਸਬਜ਼ੀਆਂ ਵੀ ਲਗਾਈਆਂ ਜਾ ਰਹੀਆਂ ਹਨ। ਕਿਸਾਨ ਜਿੱਥੇ ਸ਼ਿਮਲਾ ਮਿਰਚ ਦੀ ਖੇਤੀ ਨੂੰ ਮੁਨਾਫ਼ੇ ਦੀ ਖੇਤੀ ਮੰਨ ਰਹੇ ਹਨ। ਉੱਥੇ ਹੀ ਫ਼ਸਲ ਦਾ ਮੰਡੀਕਰਨ ਨਾ ਹੋਣ ਦੀ ਵੀ ਵੱਡੀ ਸਮੱਸਿਆ ਦੱਸ ਰਹੇ ਹਨ।
ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ 'ਚੋਂ ਨਿਕਲਦੇ ਹੋਏ ਪਿੰਡ ਭੈਣੀਬਾਘਾ ਦੇ ਕਿਸਾਨ ਸ਼ਿਮਲਾ ਮਿਰਚ, ਮਟਰ, ਖ਼ਰਬੂਜ਼ਾ ਅਤੇ ਹੋਰ ਸਬਜ਼ੀਆਂ ਦੀ ਖੇਤੀ ਵੱਡੇ ਪੱਧਰ ਉੱਤੇ ਕਰਨ ਲੱਗੇ ਹਨ। ਇਹ ਸਬਜ਼ੀਆਂ ਕਿਸਾਨਾਂ ਲਈ ਲਾਭਕਾਰੀ ਹੋ ਰਹੀਆਂ ਹਨ ਪਰ ਮੰਡੀਕਰਨ ਦੀ ਕਮੀ ਅਤੇ ਮੁਨਾਫ਼ਾ ਜਿੰਨਾ ਮਿਲਣਾ ਚਾਹੀਦਾ ਹੈ, ਕਿਸਾਨਾਂ ਨੂੰ ਨਹੀਂ ਮਿਲ ਰਿਹਾ।
400-500 ਏਕੜ 'ਚ ਸ਼ਿਮਲਾ ਮਿਰਚਾ
ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਪਿੰਡ ਭੈਣੀਬਾਘਾ ਦੇ ਕਿਸਾਨਾਂ ਨੇ 400-450 ਏਕੜ ਜ਼ਮੀਨ ਉੱਤੇ ਸ਼ਿਮਲਾ ਮਿਰਚ ਅਤੇ ਸਬਜ਼ੀਆਂ ਦੀ ਖੇਤੀ ਕੀਤੀ ਸੀ ਜੋ ਇਸ ਸਾਲ ਵੱਧ ਕੇ 600 ਏਕੜ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਬਦਲਵੀਂ ਖੇਤੀ ਲਈ ਕਿਸਾਨਾਂ ਨੂੰ ਜਾਗਰੂਕਤਾ ਕੀਤਾ ਜਾਂਦਾ ਹੈ, ਪਰ ਸਮੱਸਿਆ ਇਹ ਹੈ ਕਈ ਕਿਸਾਨ ਪਰਿਵਾਰ ਦੇ ਨਾਲ ਖੇਤ ਵਿੱਚ ਮਿਹਨਤ ਕਰਦਾ ਹੈ ਪਰ ਇਸ ਦਾ ਪੂਰਾ ਮੁੱਲ ਕਿਸਾਨ ਨੂੰ ਨਹੀਂ ਮਿਲਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਇਸ ਦਾ ਪੂਰਾ ਮੁੱਲ ਅਤੇ ਮੰਡੀਕਰਨ ਕਰੇ ਤਾਂ ਸਰਕਾਰ ਨੂੰ ਵੀ ਫ਼ਾਇਦਾ ਹੋਵੇਗਾ ਅਤੇ ਕਿਸਾਨ ਨੂੰ ਵੀ ਉਸ ਦੀ ਫ਼ਸਲ ਦਾ ਪੂਰਾ ਮੁੱਲ ਮਿਲ ਜਾਵੇਗਾ।
'ਫ਼ਸਲਾਂ ਉੱਤੇ ਵੀ ਸੱਟਾ ਹੀ ਲੱਗਦੈ'
ਕਿਸਾਨ ਬਿੰਦਰ ਸਿੰਘ ਅਤੇ ਜਸਬੀਰ ਸਿੰਘ ਨੇ ਸਰਕਾਰ ਤੋਂ ਸ਼ਿਮਲਾ ਮਿਰਚ ਦੀ ਖੇਤੀ ਲਈ ਉਚਿਤ ਮੰਡੀਕਰਨ ਦੀ ਸਮੱਸਿਆ ਵੱਲੋਂ ਨਿਜਾਤ ਦਿਵਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਅਸੀਂ ਫ਼ਸਲ 'ਤੇ ਸੱਟਾਂ ਹੀ ਲਗਾਇਆ ਹੈ ਕਿਉਂਕਿ ਜੇ ਉੱਚਿਤ ਮੁੱਲ ਮਿਲਿਆ ਤਾਂ ਆਮਦਨੀ ਹੋਵੇਗੀ ਨਹੀਂ ਤਾਂ ਮਜਬੂਰੀ ਵੱਸ ਫ਼ਸਲ ਨੂੰ ਸੜਕ ਉੱਤੇ ਸੁੱਟਣਾ ਪੈਂਦਾ ਹੈ। ਉਨ੍ਹਾਂ ਸਰਕਾਰ ਨੂੰ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਪੂਰਾ ਮੁੱਲ ਦਿੱਤਾ ਜਾਵੇ ਤਾਂ ਕਿ ਕਿਸਾਨ ਬਦਲਵੀਂ ਖੇਤੀ ਵੀ ਅਪਣਾਉਂਦੇ ਰਹਿਣ ਅਤੇ ਚੰਗਾ ਮੁਨਾਫ਼ਾ ਵੀ ਕਮਾ ਸਕਣ।