ਬਠਿੰਡਾ: ਬੀਤੇ ਦਿਨੀ ਬਠਿੰਡਾ ਦੇ ਕਸਬਾ ਗੋਨਿਆਣਾ ਨੇੜੇ ਵਿਆਹ ਸਮਾਗਮ ਤੋਂ ਪਰਤ ਰਹੇ ਐੱਨਆਰਆਈ ਪਤੀ-ਪਤਨੀ ਤੋਂ ਲੱਖਾਂ ਰੁਪਏ ਦੇ ਗਹਿਣਿਆਂ ਦੀ ਲੁੱਟ ਦਾ ਮਾਮਲਾ ਡਰਾਮਾ ਨਿਕਲਿਆ ਹੈ। ਪੁਲਿਸ ਨੂੰ ਝੂਠੀ ਇਤਲਾਹ ਦੇਣ ਵਾਲੇ ਐੱਨਆਰਆਈ ਪਤੀ-ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਾਰੇ ਮਾਮਲੇ ਦੀ ਜਾਣਕਾਰੀ ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਨੇ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਡਰਾਮਾ ਰਚਿਆ ਗਿਆ ਸੀ।
ਪਤੀ-ਪਤਨੀ ਦਾ ਝਗੜਾ ਸੁਲਝਾਉਣ ਵਾਲਿਆਂ ਨੂੰ ਹੀ ਫਸਾਇਆ
ਗੋਨਿਆਣਾ ਪੁਲਿਸ ਅਤੇ ਸੀਆਈਏ ਸਟਾਫ 2 ਦੀ ਟੀਮ ਵੱਲੋਂ ਆਰਟੀਕ ਸਵਾਰ, ਜਦੋਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ, ਤਾਂ ਇਹ ਗੱਲ ਸਾਹਮਣੇ ਆਈ, ਕਿ ਉਹ ਨੌਜਵਾਨ ਖਿਡਾਰੀ ਸਨ ਅਤੇ ਵਾਲੀਬਾਲ ਮੈਚ ਖੇਡ ਕੇ ਵਾਪਸ ਆ ਰਹੇ ਸਨ। ਇਸ ਦੌਰਾਨ ਸੜਕ ਉੱਪਰ ਪਤੀ ਪਤਨੀ ਨੂੰ ਝਗੜਦੇ ਹੋਏ ਵੇਖਿਆ। ਦੇਰ ਰਾਤ ਦਾ ਸਮਾਂ ਹੋਣ ਕਾਰਨ ਖਿਡਾਰੀਆਂ ਵੱਲੋਂ ਆਪਣੀ ਗੱਡੀ ਰੋਕ ਕੇ ਝਗੜਾ ਕਰ ਰਹੇ ਪਤੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ।
ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ, "16 ਅਤੇ 17 ਫ਼ਰਵਰੀ ਦੀ ਰਾਤ ਨੂੰ ਬਠਿੰਡਾ ਦੇ ਕਸਬਾ ਗੋਨਿਆਣਾ ਦੇ ਜੈਤੋ ਰੋਡ ਉੱਪਰ ਐਨਆਰਆਈ ਪਤੀ ਪਤਨੀ ਵੱਲੋਂ ਆਰਟੀਕ ਸਵਾਰ ਨੌਜਵਾਨਾਂ ਵਲੋਂ ਹਥਿਆਰਾਂ ਦੀ ਨੋਕ ਨਾਲ ਲੱਖਾਂ ਰੁਪਏ ਦੇ ਗਹਿਣੇ ਦੀ ਲੁੱਟ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ। ਪੁਲਿਸ ਨੂੰ ਦਿੱਤੀ ਗਈ ਸੂਚਨਾ ਤੋਂ ਬਾਅਦ ਵੱਖ-ਵੱਖ ਟੀਮਾਂ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਐਨਆਰਆਈ ਪਤੀ-ਪਤਨੀ ਵਲੋਂ ਇਹ ਲੁੱਟ ਦਾ ਡਰਾਮਾ ਰਚਿਆ ਗਿਆ ਸੀ, ਜਿਸ ਦਾ ਕਾਰਨ ਤੱਕ ਪੁੱਛਣ ਉੱਤੇ ਉਨ੍ਹਾਂ ਕੋਲ ਜਵਾਬ ਨਹੀਂ ਹੈ। ਪਤੀ-ਪਤਨੀ ਉੱਤੇ ਝੂਠੀ ਸੂਚਨਾ ਦੇਣ ਵਿਰੁੱਧ ਧਾਰਾ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।"
ਝੂਠਾ ਨਿਕਲਿਆ ਇਹ ਮਾਮਲਾ
ਝਗੜਾ ਕਰ ਰਹੇ ਪਤੀ ਪਤਨੀ ਵੱਲੋਂ ਖਿਡਾਰੀ ਨੌਜਵਾਨਾਂ ਨਾਲ ਹੀ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਪੁਲਿਸ ਨੂੰ ਝੂਠੀ ਇਤਲਾਹ ਦਿੱਤੀ ਗਈ ਕਿ ਉਨ੍ਹਾਂ ਨਾਲ ਕੁਝ ਨੌਜਵਾਨਾਂ ਵਲੋਂ ਹਥਿਆਰਾਂ ਦੀ ਨੋਕ ਉੱਤੇ ਗਹਿਣਿਆਂ ਦੀ ਲੁੱਟ ਕਰਕੇ ਭੱਜ ਗਏ ਹਨ, ਪਰ ਜਦੋਂ ਪੁਲਿਸ ਵੱਲੋਂ ਗਹਿਰਾਈ ਨਾਲ ਛਾਣਬੀਣ ਕੀਤੀ ਗਈ, ਤਾਂ ਐਨਆਰਆਈ ਪਤੀ ਪਤਨੀ ਵੱਲੋਂ ਆਪਣੇ ਬਿਆਨ ਦਰਜ ਕਰਾਉਣ ਤੋਂ ਗੁਰੇਜ਼ ਕਰਨਾ ਸ਼ੁਰੂ ਕਰ ਦਿੱਤਾ।
ਪੁਲਿਸ ਨੂੰ ਝੂਠੀ ਸੂਚਨਾ ਨਾ ਦਿਓ
ਐੱਸਐੱਸਪੀ ਕੌਂਡਲ ਨੇ ਦੱਸਿਆ ਕਿ ਪਤੀ-ਪਤਨੀ ਵਲੋਂ ਹਰ ਵਾਰ ਆਪਣੇ ਬਿਆਨ ਬਦਲੇ ਗਏ। ਪੁਲਿਸ ਵੱਲੋਂ ਐੱਨਆਰਆਈ ਪਤੀ-ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਨੂੰ ਝੂਠੀ ਇਤਲਾਹ ਦੇਣ ਕਾਰਨ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਮੇਸ਼ਾ ਸੱਚੀ ਇਤਲਾਹ ਦੇਣ, ਝੂਠੀ ਇਤਲਾਹ ਦੇਣ ਵਾਲਿਆਂ ਖਿਲਾਫ ਪੁਲਿਸ ਵੱਲੋਂ ਇਸ ਤਰ੍ਹਾਂ ਹੀ ਮਾਮਲੇ ਦਰਜ ਕੀਤੇ ਜਾਣਗੇ।