ਸ੍ਰੀ ਮੁਕਤਸਰ ਸਾਹਿਬ: ਜੇਕਰ ਕੁਝ ਕਰਨ ਜਜ਼ਬਾ ਹੋਵੇ ਤਾਂ, ਫਿਰ ਕੋਈ ਵੀ ਮੁਸ਼ਕਲ ਰਾਹ ਨਹੀਂ ਰੋਕਦੀ, ਸਗੋਂ ਹੋਰ ਬਹੁਤ ਸਾਰੇ ਰਾਹ ਨਿਕਲ ਜਾਂਦੇ ਹਨ। ਅਜਿਹਾ ਹੀ ਸੁਖਬੀਰ ਨੇ ਸਾਬਿਤ ਕਰਕੇ ਦਿਖਾਇਆ ਹੈ। ਸੁਖਬੀਰ ਦੀਆਂ ਬਾਹਾਂ ਅਤੇ ਹੱਥ ਕੰਮ ਨਹੀਂ ਕਰਦੇ ਹਨ। ਉਹ ਪੜ੍ਹਾਈ ਤੋਂ ਲੈ ਕੇ ਫੋਨ ਚਲਾਉਣ ਤੱਕ ਸਾਰੇ ਕੰਮ ਸਿਰਫ਼ ਪੈਰਾਂ ਦੀ ਵਰਤੋਂ ਕਰਕੇ ਕਰਦਾ ਹੈ। ਸੁਖਬੀਰ ਨਾ ਸਿਰਫ਼ ਪੜ੍ਹਾਈ ਵਿੱਚ ਰੁਚੀ ਰੱਖਦਾ ਹੈ, ਸਗੋਂ ਖੇਡਣਾ ਵੀ ਉਸ ਨੂੰ ਚੰਗਾ ਲੱਗਦਾ ਹੈ। ਉਸ ਨੇ ਕਿਹਾ ਕਿ, ਉਹ ਸੈਲੀਬ੍ਰਿਟੀ ਬਣਨਾ ਚਾਹੁੰਦਾ ਹੈ।
ਕਵਿਤਾ, ਗੀਤ ਲਿੱਖਣ ਦਾ ਸ਼ੌਕੀਨ, ਫੁੱਟਬਾਲ ਖੇਡਣਾ ਪਸੰਦ
ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦਿਆਂ ਸੁਖਬੀਰ ਨੇ ਦੱਸਿਆ ਕਿ ਉਹ ਪੜ੍ਹਾਈ ਪੈਰਾਂ ਨਾਲ ਹੀ ਕਰਦਾ ਹੈ। ਇਸ ਤੋਂ ਇਲਾਵਾ, ਉਸ ਖੇਡਦਾ ਵੀ ਹੈ। ਕਵਿਤਾਵਾਂ, ਸ਼ਾਇਰੀ ਅਤੇ ਗੀਤ ਵੀ ਲਿਖਦਾ ਹੈ। ਸੁਖਬੀਰ ਨੇ ਦੱਸਿਆ ਕਿ, "ਬਚਪਨ ਵਿੱਚ ਉਸ ਨੂੰ ਕਾਫੀ ਤਾਅਨੇ ਮਿਲਦੇ ਸੀ ਕਿ ਅਜਿਹੇ ਸਰੀਰ ਨਾਲ ਜਿਊਣ ਨਾਲੋਂ, ਨਾ ਮਰਨਾ ਚੰਗਾ ਹੈ। ਪਰ, ਮੈਂ ਕਦੇ ਪਰਵਾਹ ਨਹੀਂ ਕੀਤੀ। ਮੈਨੂੰ ਮੇਰੇ ਮਾਂ-ਪਿਉ ਦੀ ਸਪੋਰਟ ਹੈ। ਮੇਰੇ ਮਾਪੇ ਚਾਹੁੰਦੇ ਹਨ ਕਿ ਮੈਂ ਕਾਮਯਾਬ ਹੋ ਜਾਵਾਂ ਅਤੇ ਇਸ ਲਈ ਉਹ ਮੇਰੀ ਹਰ ਮੰਗ ਵੀ ਪੂਰੀ ਕਰਦੇ ਹਨ।"

ਸੁਖਬੀਰ ਨੇ ਦੱਸਿਆ ਕਿ ਉਸ ਨੂੰ ਫੁੱਟਬਾਲ ਖੇਡਣਾ ਪਸੰਦ ਹੈ। ਉਹ ਸਮਾਂ ਕੱਢ ਕੇ ਮੈਦਾਨ ਵਿੱਚ ਫੁੱਟਬਾਲ ਖੇਡਣ ਜਾਂਦਾ ਹੈ।
10ਵੀਂ ਤੋਂ ਬਾਅਦ 12ਵੀਂ ਦੇ ਨਤੀਜਿਆਂ ਦੀ ਤਿਆਰੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਸਰਕਾਰੀ ਸਕੂਲ ਵਿੱਚ ਪੜ੍ਹਦੇ ਸੁਖਬੀਰ ਨੇ 10ਵੀਂ ਜਮਾਤ ਵਿੱਚੋਂ 90 ਫੀਸਦੀ ਨੰਬਰ ਲੈ ਕੇ ਟਾਪ ਕੀਤਾ ਹੈ। ਹੁਣ ਉਸ ਨੇ ਦੱਸਿਆ ਕਿ, "ਉਹ 12ਵੀਂ ਜਮਾਤ ਵਿੱਚੋਂ 95 ਫੀਸਦੀ ਤੱਕ ਨੰਬਰ ਲੈਣਾ ਚਾਹੁੰਦਾ ਹੈ ਅਤੇ ਉਹ ਉਸ ਲਈ ਪੂਰੀ ਤਿਆਰੀ ਕਰ ਰਿਹਾ ਹੈ।"

'ਆਪ' ਤੋਂ ਖੁਸ਼ ਹੈ ਸੁਖਬੀਰ
ਜਦੋਂ ਪੱਤਰਕਾਰ ਵੱਲੋਂ ਸਵਾਲ ਪੁਛਿਆ ਗਿਆ ਕਿ ਸਿਆਸਤਦਾਨਾਂ ਵਿੱਚੋਂ ਉਹ ਕਿਸ ਨੂੰ ਪਸੰਦ ਕਰਦਾ ਹੈ, ਤਾਂ ਸੁਖਬੀਰ ਨੇ ਦੱਸਿਆ ਕਿ ਉਸ ਨੂੰ ਨਾਂ ਤਾਂ ਨਹੀਂ ਪਤਾ, ਪਰ ਆਮ ਆਦਮੀ ਪਾਰਟੀ ਚੰਗੀ ਹੈ। ਉਹ ਸਾਡੇ ਵਰਗਿਆ ਦੀ ਗੱਲ ਸੁਣਦੇ ਹਨ। ਮੱਧਮ ਪਰਿਵਾਰ ਨਾਲ ਸੰਬੰਧਿਤ ਸੁਖਬੀਰ ਨੇ ਕਿਹਾ ਕਿ, "ਮੈਂ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰਨਾ ਚਾਹੁੰਦਾ ਹਾਂ, ਕਿਉਂਕਿ ਮਾਤਾ-ਪਿਤਾ ਨੇ ਮੇਰਾ ਬਹੁਤ ਸਾਥ ਦਿੱਤਾ, ਕਦੇ ਵੀ ਮਾਤਾ ਪਿਤਾ ਨੇ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੇਰੀਆਂ ਬਾਹਾਂ ਕੰਮ ਨਹੀਂ ਕਰਦੀਆਂ।"
ਉਸ ਨੇ ਹੋਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਮਿਹਨਤ ਕਰਨ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਦਾ ਸੰਦੇਸ਼ ਦਿੱਤਾ।