ਮਾਨਸਾ: ਕੋਰੋਨਾ ਮਾਹਾਂਮਾਰੀ ਕਾਰਨ ਲੱਗੇ ਲੌਕਡਾਊਨ ਦੌਰਾਨ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ 'ਚ ਕਿਸਾਨਾਂ ਨੇ ਬਦਲਵੀਂ ਖੇਤੀ ਕਰ ਆਪਣਾ 300 ਤੋਂ 350 ਏਕੜ ਦੇ ਕਰੀਬ ਸ਼ਿਮਲਾ ਮਿਰਚ ਅਤੇ ਮਟਰ ਦੀ ਕਾਸ਼ਤ ਕੀਤੀ ਸੀ ਪਰ ਮੰਡੀਆਂ 'ਚ ਫਸਲ ਨਾ ਪਹੁੰਚ ਸਕਣ ਕਾਰਨ ਕਿਸਾਨ ਆਪਣੀ ਫਸਲ ਨੂੰ ਆਪਣੇ ਹੀ ਖੇਤਾਂ ਚ ਵਾਹੁਣ ਨੂੰ ਮਜਬੂਰ ਹੋ ਗਏ ਹਨ।
ਗੱਲਬਾਤ ਕਰਦਿਆਂ ਕਿਸਾਨ ਗੋਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਫਸਲ ਮੰਡੀਆਂ ਤੱਕ ਨਹੀਂ ਪਹੁੰਚ ਰਹੀ ਅਤੇ ਜੇ ਕਰ ਮੰਡੀਆਂ 'ਚ ਪਹੁੰਚ ਵੀ ਜਾਵੇ ਤਾਂ ਉਸ ਦਾ ਬਣਦਾ ਮੁੱਲ ਨਹੀਂ ਮਿਲਦਾ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇੱਥੇ ਦੇ ਕਿਸਾਨਾਂ ਵੱਲੋਂ ਮਿਰਚਾਂ ਨੂੰ ਸੜਕਾਂ 'ਤੇ ਸੁੱਟ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ। ਗੋਰਾ ਦਿੰਘ ਦਾ ਕਹਿਣਾ ਹੈ ਕਿ ਸੂਬੇ 'ਚ ਲੱਗੇ ਕਰਫਿਊ ਕਾਰਨ ਉਨ੍ਹਾਂ ਨੂੰ ਸ਼ਬਜ਼ੀਆਂ ਨੂੰ ਮੰਡੀਆਂ 'ਚ ਲੈ ਜਾਣ 'ਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਤੰਗ ਆਏ ਕਿਸਾਨਾਂ ਨੇ ਖੇਤਾਂ 'ਚ ਖੜ੍ਹੀ ਸ਼ਿਮਲਾ ਮਿਰਚ ਦੀ ਫ਼ਸਲ ਨੂੰ ਵਾਹ ਦਿੱਤਾ ਹੈ।
ਗੋਰਾ ਸਿੰਘ ਨੇ ਤਮਾਮ ਕਿਸਾਨਾਂ ਦੀ ਆਵਾਜ਼ ਬਣਦਿਆਂ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਉਸ ਨੇ ਸਰਕਾਰ ਨੂੰ ਕਿਸਾਨਾਂ ਲਈ ਲੌਕਡਾਊਨ ਦੌਰਾਨ ਆਵਾਜਾਈ ਨੂੰ ਆਸਾਨ ਕਰਨ ਅਤੇ ਮੁਆਵਜ਼ਾ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਕਿਸਾਨਾਂ 'ਤੇ ਦੁਹਰੀ ਮਾਰ ਨਾ ਪਵੇ।
ਦੱਸਣਯੋਗ ਹੈ ਕਿ ਹਾੜ੍ਹੀ ਦਾ ਸੀਜ਼ਨ ਚੱਲ ਰਿਹਾ ਹੈ ਪਰ ਕਰਫਿਊ ਅਤੇ ਲੌਕਡਾਊਨ ਕਾਰਨ ਨਾ ਸਿਰਫ਼ ਪੰਜਾਬ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਨੂੰ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਰਕਾਰਾਂ ਕਿਸਾਨਾਂ ਦੇ ਹਲਾਤਾਂ ਨੂੰ ਸਮਝਦਿਆਂ ਇਸ ਮੁਸੀਬਤ ਦੀ ਘੜੀ 'ਚ ਉਨ੍ਹਾਂ ਦਾ ਸਾਥ ਦੇਣ ਅਤੇ ਆਰਥਿਕ ਮਦਦ ਵੀ ਕਰਨ।