ਮਾਨਸਾ: ਕਰਜ਼ੇ ਦੇ ਸਤਾਏ ਕਿਸਾਨ ਖੁਦਕੁਸ਼ੀਆਂ ਕਰਦੇ ਜਾ ਰਹੇ ਹਨ। ਮਾਲਵਾ ਖੇਤਰ 'ਚ ਜਿਆਦਾਤਰ ਕਿਸਾਨ ਕਰਜ਼ੇ ਕਾਰਨ ਹੀ ਮੌਤ ਨੂੰ ਗਲ ਲਗਾ ਰਹੇ ਹਨ। ਖੁਦਕੁਸ਼ੀ ਕਰਨ ਸਮੇਂ ਸ਼ਾਇਦ ਕਰਜ਼ ਇੰਨਾ ਭਾਰੂ ਹੋ ਜਾਂਦਾ ਹੈ ਕਿ ਉਨ੍ਹਾਂ ਪਿਛੋਂ ਪਰਿਵਾਰ ਨੂੰ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਗੱਲ ਨੂੰ ਭੁੱਲ ਜਾਂਦੇ ਹਨ।
ਮਾਨਸਾ 'ਚ ਕਈ ਅਜਿਹੇ ਪਿੰਡ ਨੇ ਜਿਥੇ ਪਰਿਵਾਰਾਂ 'ਚ ਘਰ ਦਾ ਮੁਖੀ ਨਾ ਹੋਣ ਕਾਰਨ ਉਨ੍ਹਾਂ ਨੂੰ ਨਰਕ ਭਰੀ ਜਿੰਦਗੀ ਜਿਉਣੀ ਪੈ ਰਹੀ ਹੈ। ਅਜਿਹਾ ਹੀ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦਾ ਹੈ, ਜਿਥੇ ਕਿਸਾਨ ਗੁਰਪਿਆਰ ਸਿੰਘ ਕਰਜ਼ੇ ਦੇ ਕਾਰਨ ਖ਼ੁਦਕੁਸ਼ੀ ਕਰਕੇ ਖੁਦ ਕਰਜ਼ੇ ਤੋਂ ਮੁਕਤੀ ਪਾ ਗਿਆ ਪਰ ਪਿੱਛੇ ਆਪਣੇ ਪਰਿਵਾਰ ਨੂੰ ਦੁੱਖਾਂ ਭਰੀ ਜਿੰਦਗੀ 'ਚ ਜਿਉਣ ਲਈ ਛੱਡ ਗਿਆ। ਉਕਤ ਮ੍ਰਿਤਕ ਕਿਸਾਨ ਦਾ ਪੁੱਤਰ ਜੋ ਮਹਿਜ਼ 13 ਜਾਂ 14 ਸਾਲਾਂ ਦਾ ਸੀ ਤਾਂ ਸੜਕ ਹਾਦਸੇ 'ਚ ਉਸਦੀ ਮੌਤ ਹੋ ਗਈ।
ਇਸ ਸਬੰਧੀ ਮ੍ਰਿਤਕ ਕਿਸਾਨ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਢਾਈ ਏਕੜ ਜ਼ਮੀਨ ਸੀ ਅਤੇ ਕਰਜ਼ਾ ਸੀ ਪਰ ਨਰਮੇ ਦੀ ਫਸਲ ਨਾ ਹੋਣ ਕਾਰਨ ਉਨ੍ਹਾਂ ਦਾ ਪਤੀ ਸਪਰੇਅ ਪੀ ਕੇ ਖੁਦਕੁਸ਼ੀ ਕਰ ਗਿਆ। ਜਿਸ ਤੋਂ ਬਾਅਦ ਉਹ ਆਪਣੇ ਛੋਟੇ ਬੱਚਿਆਂ ਨੂੰ ਲੈ ਕੇ ਪੇਕੇ ਘਰ ਚਲੀ ਗਈ ਅਤੇ ਜਿਉਂ ਹੀ ਬੱਚੇ ਜਵਾਨ ਹੋਏ ਤਾਂ ਮੁੜ ਉਹ ਆਪਣੇ ਸਹੁਰੇ ਪਿੰਡ ਭੰਮੇ ਕਲਾਂ ਰਹਿਣ ਲੱਗੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਤੇਰਾਂ ਸਾਲ ਦਾ ਬੇਟਾ ਵੀ ਸੜਕ ਹਾਦਸੇ 'ਚ ਮੌਤ ਦੇ ਮੂੰਹ ਵਿੱਚ ਚਲਾ ਗਿਆ, ਜਿਸ ਕਾਰਨ ਉਨ੍ਹਾਂ ਦੀ ਆਸ ਦੀ ਜੋ ਕਿਰਨ ਸੀ ਉਹ ਵੀ ਖ਼ਤਮ ਹੋ ਗਈ। ਉਨ੍ਹਾਂ ਦੱਸਿਆ ਕਿ ਜਵਾਨ ਪੁੱਤ ਦੀ ਮੌਤ ਤੋਂ ਬਾਅਦ ਕਰਜ਼ੇ ਦਾ ਭਾਰ ਵਧਦਾ ਗਿਆ ਅਤੇ ਹੁਣ ਅੱਠ ਤੋਂ ਦੱਸ ਲੱਖ ਰੁਪਏ ਦੇ ਕਰਜ਼ਦਾਰ ਹਨ। ਉਨ੍ਹਾਂ ਦੱਸਿਆ ਕਿ ਬੈਂਕ ਵਾਲੇ ਘਰ ਗੇੜੇ ਮਾਰਨ ਲੱਗੇ ਤਾਂ ਉਨ੍ਹਾਂ ਜ਼ਮੀਨ ਵੇਚ ਕੇ ਕਰਜ਼ ਉਤਾਰਿਆ ਪਰ ਅੱਜ ਵੀ ਕੁਝ ਕਰਜ਼ ਉਨ੍ਹਾਂ ਦੇ ਸਿਰ ਹੈ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਵਲੋਂ ਉਨ੍ਹਾਂ ਦੇ ਪਰਿਵਾਰ ਦੀ ਸਾਰ ਨਹੀਂ ਲਈ ਗਈ।
ਇਹ ਵੀ ਪੜ੍ਹੋ:Agriculture Laws: ਦੂਜੇ ਦਿਨ ਵੀ ਸੰਸਦ ਬਾਹਰ ਅਕਾਲੀ ਦਲ-ਬਸਪਾ ਦਾ ਪ੍ਰਦਰਸ਼ਨ
ਇਸ ਸਬੰਧੀ ਪੀੜ੍ਹਤ ਪਰਮਜੀਤ ਕੌਰ ਦੀ ਧੀ ਸੁਖਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਭਰਾ ਦੀ ਵੀ ਮੌਤ ਹੋ ਗਈ ਅਤੇ ਅੱਜ ਉਹ ਬਹੁਤ ਹੀ ਕਰਜ਼ਦਾਰ ਹਨ। ਉਨ੍ਹਾਂ ਦੱਸਿਆ ਕਿ ਕਰਜ਼ ਹੋਣ ਕਾਰਨ ਉਹ ਅੱਗੇ ਪੜ੍ਹਾਈ ਨਹੀਂ ਕਰ ਪਾਈਆਂ। ਜਿਸ ਨੂੰ ਲੈਕੇ ਉਨ੍ਹਾਂ ਦਾ ਕਹਿਣਾ ਕਿ ਉਹ ਪੜ੍ਹਨਾ ਚਾਹੁੰਦੀਆਂ ਹਨ, ਇਸ ਲਈ ਜਾਂ ਤਾਂ ਸਰਕਾਰ ਉਨ੍ਹਾਂ ਦਾ ਕਰਜ਼ ਮੁਆਫ਼ ਕਰੇ ਜਾਂ ਫਿਰ ਉਨ੍ਹਾਂ ਦੀ ਪੜ੍ਹਾਈ ਦਾ ਖਰਚ ਚੁੱਕ ਸਕੇ।
ਇਸ ਸਬੰਧੀ ਪਿੰਡ ਵਾਸੀ ਲੀਲਾ ਸਿੰਘ ਨੇ ਦੱਸਿਆ ਕਿ ਇਸ ਪਰਿਵਾਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਹਨ। ਉਨ੍ਹਾਂ ਦੱਸਿਆ ਕਿ ਕਰਜ਼ ਕਾਰਨ ਪਹਿਲਾਂ ਪਤੀ ਦੀ ਮੌਤ ਹੋ ਗਈ ਅਤੇ ਫਿਰ ਜਵਾਨ ਪੁੱਤ ਦੀ ਮੌਤ ਸੜਕ ਹਾਦਸੇ 'ਚ ਹੋ ਗਈ। ਉਨ੍ਹਾਂ ਸਰਕਾਰ ਤੋਂ ਅਪੀਲ ਕੀਤੀ ਕਿ ਪਰਿਵਾਰ ਦਾ ਕਰਜ਼ ਮੁਆਫ਼ ਕੀਤਾ ਜਾਵੇ ਅਤੇ ਲੜਕੀਆਂ ਦੀ ਪੜ੍ਹਾਈ ਪੂਰੀ ਕਰਵਾਈ ਜਾਵੇ।
ਇਹ ਵੀ ਪੜ੍ਹੋ:ਸੰਸਦ ਦਾ ਘੇਰਾਓ ਕਰਨ ਦੀ ਕੋਈ ਯੋਜਨਾ ਨਹੀਂ, ਜੰਤਰ-ਮੰਤਰ 'ਤੇ ਲੱਗੇਗੀ ਕਿਸਾਨ ਸੰਸਦ : ਬੀ.ਕੇ.ਯੂ.