ਮਾਨਸਾ: ਪੰਜਾਬ ਸਰਕਾਰ ਨੇ ਸੱਤਾ ਹਾਸਲ ਕਰਨ ਤੋਂ ਪਹਿਲਾਂ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਦੇ ਤਿੰਨ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅੱਜ ਪੰਜਾਬ ਦੇ ਹਜ਼ਾਰਾਂ ਨੌਜਵਾਨ ਬੇਰੁਜ਼ਗਾਰ ਸ਼ਰੇਆਮ ਸੜਕਾਂ 'ਤੇ ਘੁੰਮ ਰਹੇ ਹਨ ਤੇ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਕਰਨ ਦੇ ਲਈ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਵੀ ਕਰ ਰਹੇ ਹਨ।
ਰੋਜ਼ਗਾਰ ਨਾ ਮਿਲਣ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਬਰਪੁਰ ਖੁਡਾਲ ਦੀਆਂ 8 ਉੱਚ ਯੋਗਤਾ ਪ੍ਰਾਪਤ ਤੇ ਅਧਿਆਪਕ ਯੋਗਤਾ ਟੈਸਟ ਪਾਸ ਕੁੜੀਆਂ ਝੋਨਾ ਲਾਉਣ ਦੇ ਲਈ ਮਜਬੂਰ ਹਨ।
ਬੇਰੁਜ਼ਗਾਰ ਕਰਮਜੀਤ ਕੌਰ ਨੇ ਦੱਸਿਆ ਕਿ ਉਸ ਨੇ ਬੀ.ਏ ਅਤੇ ਬੀਐੱਡ ਕੀਤੀ ਹੋਈ ਹੈ। ਉਸ ਨੇ ਦੱਸਿਆ ਕਿ ਬਾਰਵੀਂ 'ਚ ਪੜ੍ਹਦੇ ਸਮੇਂ ਉਸ ਦੀ ਮਾਂ ਨੂੰ ਕੈਂਸਰ ਹੋ ਗਿਆ, ਜਿਸ ਕਾਰਨ ਘਰ ਦੀਆਂ ਮਜਬੂਰੀਆਂ ਦੇ ਨਾਲ-ਨਾਲ ਉਸ ਨੇ ਪੜ੍ਹਾਈ ਫਿਰ ਵੀ ਜਾਰੀ ਰੱਖੀ। ਇੱਕ ਪਾਸੇ ਉਸਦੀ ਮਾਂ ਦਾ ਇਲਾਜ ਚੱਲ ਰਿਹਾ ਸੀ ਤੇ ਦੂਸਰੇ ਪਾਸੇ ਪੜ੍ਹਾਈ ਪਰ ਫਿਰ ਵੀ ਹੌਸਲਾ ਨਹੀਂ ਛੱਡਿਆ। ਉਸਦੇ ਮਾਂ ਬਾਪ ਨੇ ਉਸਨੂੰ ਪੜ੍ਹਾਈ ਕਰਨ ਦੇ ਲਈ ਪ੍ਰੇਰਿਤ ਕੀਤਾ। ਉਸ ਨੇ ਪੀ.ਟੈਟ ਪਾਸ ਕੀਤਾ ਪਰ ਫਿਰ ਵੀ ਝੋਨਾ ਲਾਉਣ ਦੇ ਲਈ ਮਜਬੂਰ ਹੈ।
ਉਸ ਨੇ ਕਿਹਾ ਕਿ ਜਦੋਂ ਵੀ ਉਹ ਸਰਕਾਰ ਤੋਂ ਨੌਕਰੀ ਦੀ ਮੰਗ ਕਰਦੇ ਹਨ ਤਾਂ ਸਰਕਾਰ ਡੰਡਿਆਂ ਦੇ ਨਾਲ ਕੁੱਟਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਡੰਡਿਆਂ ਨਾਲੋਂ ਤਾਂ ਉਹ ਖੇਤਾਂ 'ਚ ਝੋਨਾ ਲਾਉਣ ਦੇ ਲਈ ਹੀ ਠੀਕ ਹਨ। ਪਰ ਫਿਰ ਵੀ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਮਾਤਾ ਪਿਤਾ ਦਾ ਸਹਾਰਾ ਬਣ ਸਕਣ।
ਉੱਥੇ ਹੀ ਰਿੰਪੀ ਕੌਰ ਨੇ ਦੱਸਿਆ ਕਿ ਉਸ ਦੀ ਯੋਗਤਾ ਬੀ.ਏ, ਬੀਐੱਡ ਅਤੇ ਐਮ.ਏ ਪੰਜਾਬੀ ਅਤੇ ਪੀ,ਟੈਟ ਪਾਸ ਹੈ ਪਰ ਰੁਜ਼ਗਾਰ ਨਾ ਮਿਲਣ ਕਾਰਨ ਖੇਤਾਂ 'ਚ ਝੋਨਾ ਲਾਉਣ ਦੇ ਲਈ ਮਜਬੂਰ ਹੈ। ਉਸ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਨੌਕਰੀ ਦੇਵੇ ਜਾਂ ਫਿਰ 10 ਹਜ਼ਾਰ ਪਏ ਮਹੀਨਾ ਬੇਰੁਜ਼ਗਾਰੀ ਭੱਤਾ ਦੇਵੇ ਤਾਂ ਕਿ ਉਹ ਆਪਣਾ ਗੁਜ਼ਾਰਾ ਚਲਾ ਸਕਣ।
ਇਹ ਵੀ ਪੜੋ: 'ਮਾਸਟਰ ਜੀ' ਝੋਨਾ ਲਾਓ ਜਾਂ ਡਾਗਾਂ ਖਾਓ
ਉੱਥੇ ਹੀ ਅਧਿਆਪਕ ਨੇਤਾ ਜਸਵੀਰ ਸਿੰਘ ਖੁਡਾਲ ਨੇ ਕਿਹਾ ਕਿ ਭਾਵੇਂ ਸਰਕਾਰ ਆਪਣੇ ਘਰ-ਘਰ ਰੁਜ਼ਗਾਰ ਦੇਣ ਦੇ ਵਾਅਦੇ ਤੋਂ ਮੁਕਰ ਚੁੱਕੀ ਹੈ ਪਰ ਫਿਰ ਵੀ ਇਹ ਕੁੜੀਆਂ ਮਿਹਨਤ ਮੁਸ਼ੱਕਤ ਕਰਕੇ ਆਪਣੇ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਦੀ ਯੋਗਤਾ ਦੇ ਅਨੁਸਾਰ ਜਿਹੋ ਜਾਂ ਇਨ੍ਹਾਂ ਨੂੰ ਰੁਜ਼ਗਾਰ ਬਣਦਾ ਹੈ। ਉਹ ਦਿੱਤਾ ਜਾਵੇ ਜਾਂ ਫਿਰ ਇਨ੍ਹਾਂ ਨੂੰ ਪ੍ਰਤੀ ਮਹੀਨਾ 10 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ।