ਮਾਨਸਾ: ਤਬਲੀਗੀ ਜਮਾਤ ਨਾਲ ਸਬੰਧਤ ਇੱਕ ਹੋਰ ਕੋਰੋਨਾ ਪੌਜ਼ੀਟਿਵ ਮਹਿਲਾ ਦੀ ਰਿਪੋਰਟ 2 ਵਾਰ ਨੈਗੇਟਿਵ ਆਉਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਮਾਨਸਾ ਵਿੱਚੋਂ ਛੁੱਟੀ ਮਿਲ ਗਈ ਹੈ ਅਤੇ ਉਹ ਆਪਣੇ ਘਰ ਪਰਤ ਗਈ ਹੈ।
ਮਾਨਸਾ ਦੇ ਸਿਵਲ ਹਸਪਤਾਲ ਵਿੱਚ ਇਸ ਸਮੇਂ 14 ਕੋਰੋਨਾ ਪੌਜ਼ੀਟਿਵ ਮਰੀਜ਼ ਇਲਾਜ ਅਧੀਨ ਹਨ ਤੇ ਮਾਨਸਾ ਜ਼ਿਲ੍ਹੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 20 ਹੋ ਗਈ ਹੈ। ਸਿਵਲ ਹਸਪਤਾਲ ਪੁੱਜੇ ਮਾਨਸਾ ਦੇ ਵਿਧਾਇਕ ਨੇ ਛੁੱਟੀ ਮਿਲਏ ਉੱਤੇ ਕੋਰੋਨਾ ਵਿਰੁੱਧ ਜੰਗ ਜਿੱਤਣ ਵਾਲੀ ਮਹਿਲਾ ਦੇ ਹਾਰ ਪਾ ਕੇ ਅਤੇ ਤਾੜੀਆਂ ਮਾਰ ਕੇ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕਾਂ ਵੱਲੋਂ ਸਿਰੋਪਾਓ ਵੀ ਭੇਟ ਕੀਤਾ ਗਿਆ।
ਕੋਰੋਨਾ ਦੀ ਜੰਗ ਜਿੱਤ ਚੁੱਕੀ ਮਹਿਲਾ ਨੇ ਸਿਵਲ ਹਸਪਤਾਲ ਵਿੱਚੋਂ ਛੁੱਟੀ ਮਿਲਣ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਬਹੁਤ ਵਧੀਆ ਸੁਵਿਧਾਵਾਂ ਦਿੱਤੀਆਂ ਗਈਆਂ ਅਤੇ ਕੋਈ ਵੀ ਦਿੱਕਤ ਨਹੀਂ ਆਈ। ਡਾਕਟਰ ਸਮੇਂ-ਸਮੇਂ ਉੱਤੇ ਉਨ੍ਹਾਂ ਦਾ ਹਾਲ ਪੁੱਛਦੇ ਰਹੇ ਜਿਸ ਕਰਕੇ ਉਹ ਹੁਣ ਬਿਲਕੁਲ ਤੰਦਰੁਸਤ ਹੈ।
ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਜਿੱਥੇ ਡਾਕਟਰਾਂ ਅਤੇ ਪੁਲਿਸ ਵੱਲੋਂ ਬੜੀ ਤਨਦੇਹੀ ਨਾਲ ਕੋਰੋਨਾ ਮਰੀਜ਼ਾਂ ਦੀ ਦੇਖ ਭਾਲ ਕੀਤੀ ਜਾ ਰਹੀ ਹੈ ਉੱਥੇ ਹੀ ਮਾਨਸਾ ਜ਼ਿਲ੍ਹੇ ਵਿੱਚ ਕੋਈ ਵੀ ਕੋਰੋਨਾ ਦਾ ਪੌਜ਼ੀਟਿਵ ਮਰੀਜ਼ ਨਹੀਂ ਸੀ। ਜਿਹੜੇ ਲੋਕ ਬਾਹਰੋਂ ਮਾਨਸਾ ਵਿੱਚ ਆਏ ਸਨ ਉਹ ਹੀ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ।
ਉਨ੍ਹਾਂ ਦੱਸਿਆ ਕਿ ਅੱਜ ਸਿਵਲ ਹਸਪਤਾਲ ਮਾਨਸਾ ਵਿੱਚੋਂ ਛੇਵੇਂ ਕੋਰੋਨਾ ਦੇ ਮਰੀਜ਼ ਦੀ ਰਿਪੋਰਟ ਦੋ ਵਾਰ ਨੈਗੇਟਿਵ ਆਉਣ ਉੱਤੇ ਉਸ ਦੀ ਛੁੱਟੀ ਕਰ ਦਿੱਤੀ ਗਈ ਹੈ। ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੂੰ ਵੀ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਵਧਾਈ ਦਿੱਤੀ।
ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਵਲ ਹਸਪਤਾਲ ਵਿੱਚੋਂ ਅੱਜ ਛੇਵੇਂ ਕੋਰੋਨਾ ਦੇ ਮਰੀਜ਼ ਨੂੰ ਛੁੱਟੀ ਦਿੱਤੀ ਗਈ ਹੈ। ਸਿਵਲ ਹਸਪਤਾਲ ਦੇ ਵਿੱਚ ਮਹਿਜ਼ 14 ਕੋਰੋਨਾ ਦੇ ਮਰੀਜ਼ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਜਿਹੜੀ ਕੋਰੋਨਾ ਦੀ ਜੰਗ ਜਿੱਤ ਕੇ ਜਾ ਚੁੱਕੀ 35 ਸਾਲਾ ਮਹਿਲਾ ਠੀਕ ਹੋਈ ਹੈ ਅਤੇ ਉਸ ਦੀ ਧੀ ਅਜੇ ਹਸਪਤਾਲ ਦੇ ਵਿਚ ਇਲਾਜ ਅਧੀਨ ਹੈ। ਉਮੀਦ ਹੈ ਕਿ ਉਹ ਵੀ ਜਲਦ ਹੀ ਠੀਕ ਹੋ ਜਾਵੇਗੀ।