ਮਾਨਸਾ: ਬੁਡਲਾਡਾ ਦੇ ਕਸਬੇ ਬਰਾੜਾ ਵਿਖੇ ਹਨੂੰਮਾਨ ਮੰਦਿਰ ਦੇ ਨਜ਼ਦੀਕ ਕੱਪੜੇ ਦੀ ਦੁਕਾਨ ਵਿੱਚ ਅੱਗ ਲੱਗ ਜਾਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਕਸਬੇ ਵਿੱਚ ਫਾਇਰ ਬ੍ਰਿਗੇਡ ਨਾ ਹੋਣ ਦੇ ਕਾਰਨ ਤਿੰਨ ਦੁਕਾਨਾਂ ਵਿੱਚ ਅੱਗ ਫੈਲ ਗਈ ਜਿਸ ਦੇ ਕਾਰਨ 50 ਲੱਖ ਰੁਪਏ ਦੇ ਕਰੀਬ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਬੇਸ਼ੱਕ ਅਜੇ ਤੱਕ ਪਤਾ ਨਹੀਂ ਲੱਗਿਆ ਪਰ ਲੋਕਾਂ ਨੇ ਸਬ-ਡਿਵੀਜ਼ਨ ਵਿੱਚ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਰੋਸ ਜ਼ਾਹਿਰ ਕਰਦਿਆਂ ਸਰਕਾਰ ਤੋਂ ਤੁਰੰਤ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦੇਣ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਸ਼ਾਮ ਦੇ ਸਮੇਂ ਮਾਨਸਾ ਦੇ ਕਸਬਾ ਬਰਾੜਾ ਕੱਪੜੇ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਸ਼ਹਿਰ ਵਿੱਚ ਅੱਗ ਬੁਝਾਊ ਦਸਤੇ ਨਾ ਹੋਣ ਕਰਕੇ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਅਤੇ ਅੱਗ ਨੇ ਦੋ ਹੋਰ ਵੱਖ-ਵੱਖ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਇਹ ਵੀ ਪੜ੍ਹੋ: ਦਿੱਲੀ ਵਿਧਾਨ ਸਭਾ ਚੋਣਾਂ: 8 ਫਰਵਰੀ ਨੂੰ ਵੋਟਿੰਗ, 11 ਫਰਵਰੀ ਨੂੰ ਹੋਵੇਗਾ ਨਤੀਜਿਆਂ ਦਾ ਐਲਾਨ
ਲੋਕਾਂ ਨੇ ਅੱਗ ਲੱਗਣ 'ਤੇ ਸਬ-ਡਵੀਜ਼ਨ ਵਿੱਚ ਅੱਗ ਬੁਝਾਊ ਦਸਤੇ ਨਾ ਹੋਣ ਕਾਰਨ ਰੋਸ ਜ਼ਾਹਿਰ ਕੀਤਾ। ਸ਼ਹਿਰ ਵਾਸੀ ਸਤੀਸ਼ ਸਿੰਗਲਾ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਅੱਗ ਲੱਗਣ ਦੀ ਜਾਣਕਾਰੀ ਦੇਣ ਤੋਂ ਬਾਅਦ ਵੀ ਫਾਇਰ ਬ੍ਰਿਗੇਡ ਕਰੀਬ ਡੇਢ ਘੰਟੇ ਬਾਅਦ ਮੌਕੇ 'ਤੇ ਆਈ ਜਿਸ ਸਮੇਂ ਦੁਕਾਨਾਂ ਦਾ ਭਾਰੀ ਨੁਕਸਾਨ ਹੋ ਚੁੱਕਿਆ ਸੀ। ਲੋਕਾਂ ਨੇ ਇਸ ਨੂੰ ਪ੍ਰਸ਼ਾਸਨ ਦੀ ਨਾਲਾਇਕੀ ਦੱਸਦੇ ਹੋਏ ਮੰਗ ਕੀਤੀ ਹੈ ਕਿ ਤੁਰੰਤ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦੀ ਤੈਨਾਤੀ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਅੱਗ ਲੱਗਣ ਦੀ ਘਟਨਾ 'ਤੇ ਤੁਰੰਤ ਕਾਬੂ ਪਾਇਆ ਜਾ ਸਕੇ।
ਬੁਢਲਾਡਾ ਦੇ ਐਸਡੀਐਮ ਅਦਿੱਤਿਆ ਡਾਚੀਵਾਲ ਨੇ ਦੱਸਿਆ ਵੱਖ-ਵੱਖ ਥਾਵਾਂ ਤੋਂ ਫਾਇਰ ਬ੍ਰਿਗੇਡ ਮੰਗਵਾ ਕੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਉੱਥੇ ਹੀ ਉਨ੍ਹਾਂ ਦੱਸਿਆ ਕਿ ਸਬ-ਡਵੀਜ਼ਨ ਵਿੱਚ ਫਾਇਰ ਬ੍ਰਿਗੇਡ ਦੇ ਲਈ ਮੰਗ ਕੀਤੀ ਜਾ ਰਹੀ ਹੈ।