ਮਾਨਸਾ: ਆਪਣੇ ਕਾਰਨਾਮਿਆਂ ਕਾਰਨ ਨਿੱਤ ਦਿਨ ਸੁਰਖੀਆਂ ਵਿੱਚ ਰਹਿਣ ਵਾਲੀ ਖ਼ਾਕੀ ਵਰਦੀ ਇੱਕ ਵਾਰ ਫੇਰ ਸਵਾਲਾਂ ਦੇ ਘੇਰੇ ਚ ਆ ਗਈ ਹੈ। ਇਸੇ ਤਰ੍ਹਾਂ ਦਾ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਫਾਇਨਾਂਸ ਕਾਰੋਬਾਰੀ ਨੇ ਸੀਆਈਏ ਸਟਾਫ ਮਾਨਸਾ ਪੁਲਿਸ ਤੇ ਕੁੱਟਮਾਰ ਕਰਨ, ਝੂਠਾ ਪਰਚਾ ਦਰਜ ਕਰਨ ਅਤੇ ਉਸਦੇ ਘਰੋਂ ਲੱਖਾਂ ਰੁਪਏ ਨਕਦੀ ਚੋਰੀ ਕਰਨ ਦੇ ਦੋਸ਼ ਲਗਾਏ ਹਨ।
ਮਾਮਲੇ ਸਬੰਧੀ ਕਾਰੋਬਾਰੀ ਦਾ ਕਹਿਣਾ ਕਿ ਉਸਨੇ ਥਾਣੇਦਾਰ ਤੋਂ ਪੈਸੇ ਲੈਣੇ ਹਨ ਜਿਸ ਦਾ ਉਸ ਕੋਲ ਸਬੂਤ ਵੀ ਹੈ ਅਤੇ ਬੀਤੇ ਦਿਨੀ ਜਦੋ ਉਸਨੇ ਨਾਕੇ ਤੇ ਖੜੇ ਥਾਣੇਦਾਰ ਤੋਂ ਆਪਣੇ ਪੈਸੇ ਮੰਗੇ ਤਾਂ ਥਾਣੇਦਾਰ ਨੇ ਉਸਦੀ ਕੁੱਟਮਾਰ ਕੀਤੀ ਅਤੇ ਉਸਨੂੰ ਸੀਆਈਏ ਸਟਾਫ ਲਿਜਾਕੇ ਉਸ ਖਿਲਾਫ ਸੱਟੇ ਦਾ ਝੂਠਾ ਮਾਮਲਾ ਦਰਜ ਕਰ ਦਿੱਤਾ ਅਤੇ ਉਸਦੇ ਘਰ ਬਿਨ੍ਹਾਂ ਸਰਚ ਵਰੰਟ ਤੋਂ ਰੇਡ ਕਰਕੇ ਘਰ ਚ ਪਈ ਲੱਖਾਂ ਦੀ ਨਕਦੀ ਵੀ ਚੋਰੀ ਕਰ ਲਈ ਜਿਸ ਦੀ ਸੀਸੀਟੀਵੀ ਫੁਟੇਜ ਉਸ ਕੋਲ ਮੌਜੂਦ ਹੈ।
ਰਵੀ ਕੁਮਾਰ ਦੀ ਪਤਨੀ ਸੁਮਨ ਰਾਣੀ ਨੇ ਦੱਸਿਆ ਕਿ ਜਦੋ ਉਸਨੂੰ ਪਤਾ ਲੱਗਾ ਕਿ ਪੁਲਿਸ ਨੇ ਉਸਦੇ ਘਰੋਂ ਪੈਸੇ ਚੋਰੀ ਕਰ ਲਏ ਤਾਂ ਉਸਨੇ ਪੁਲਿਸ ਦੀ ਗੱਡੀ ਕੋਲ ਜਾ ਕੇ ਪੈਸੇ ਚੁੱਕਣ ਦਾ ਕਾਰਨ ਪੁੱਛਿਆ ਤਾਂ ਥਾਣੇਦਾਰ ਨੇ ਉਸਨੂੰ ਧਮਕੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੁਲਿਸ ਦੇ ਇਸ ਕਾਰਨਾਮੇ ਦੀਆਂ ਤਸਵੀਰਾਂ ਉਨ੍ਹਾਂ ਦੇ ਘਰ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਇਤਲਾਹ ਉੱਚ ਅਧਿਕਾਰੀਆਂ ਕੋਲ ਲਿਖਤੀ ਤੌਰ ’ਤੇ ਕੀਤੀ ਹੈ।
ਦੂਜੇ ਪਾਸੇ ਰਵੀ ਕੁਮਾਰ ਦੇ ਮੁਲਾਜ਼ਮ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਸਨੂੰ ਵੀ ਜਬਰੀ ਫੜ ਲਿਆ ਸੀ ਅਤੇ ਉਸਨੂੰ ਨਾਲ ਲਿਜਾਕੇ ਰਵੀ ਕੁਮਾਰ ਦੇ ਘਰੋਂ ਲੱਖਾਂ ਰੁਪਏ ਚੋਰੀ ਕੀਤੇ ਹਨ।
ਫਿਲਹਾਲ ਇਸ ਪੂਰੇ ਮਾਮਲੇ ’ਤੇ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਸਾਡੇ ਪੱਤਰਕਾਰ ਵੱਲੋਂ ਪੁਲਿਸ ਦੇ ਨਾਲ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕੈਮਰੇ ਸਾਹਮਣੇ ਆਉਣ ਲਈ ਤਿਆਰ ਨਹੀਂ ਹਨ।
ਇਹ ਵੀ ਪੜੋ: ਯੂਕਰੇਨ ’ਚ ਫਸੇ ਵਿਦਿਆਰਥੀਆਂ ਦੀ ਜਾਣਕਾਰੀ ਲਈ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਜਾਰੀ