ਮਾਨਸਾ: ਕੋਰੋਨਾ ਵਾਇਰਸ ਦੇ ਕਾਰਨ ਹੋਏ ਲੌਕਡਾਊਨ ਦੇ ਚੱਲਦਿਆਂ ਸਿਵਲ ਹਸਪਤਾਲਾਂ ਵਿੱਚ ਖ਼ੂਨ ਦੀ ਵੱਡੀ ਘਾਟ ਸਾਹਮਣੇ ਆ ਰਹੀ ਹੈ। ਜਿਸ ਨੂੰ ਲੈ ਕੇ ਯੂਥ ਕਾਂਗਰਸ ਪੰਜਾਬ ਵੱਲੋਂ ਪੰਜਾਬ ਭਰ ਵਿੱਚ ਖ਼ੂਨਦਾਨ ਕਰਨ ਦੀ ਮੁਹਿੰਮ ਚਲਾਈ ਗਈ ਹੈ।
ਇਸੇ ਮੁਹਿੰਮ ਦੇ ਅਧੀਨ ਮਾਨਸਾ ਸਿਵਲ ਹਸਪਤਾਲ ਵਿਖੇ ਯੂਥ ਕਾਂਗਰਸ ਮਾਨਸਾ ਵੱਲੋਂ 100 ਯੂਨਿਟ ਖ਼ੂਨ ਦਾਨ ਕੀਤਾ ਗਿਆ। ਇਸ ਖ਼ੂਨਦਾਨ ਕੈਂਪ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਖ਼ੂਨਦਾਨ ਕਰ ਰਹੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਜ਼ਿਲ੍ਹਾ ਕੌਂਸਲ ਦੇ ਚੇਅਰਮੈਨ ਬਿਕਰਮ ਮੋਫਰ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਵੀਰ ਸਿੰਘ ਭੁਪਾਲ ਨੇ ਦੱਸਿਆ ਕਿ ਕੋਵਿਡ-19 ਦੇ ਦੌਰਾਨ ਸਿਵਲ ਹਸਪਤਾਲਾਂ ਦੇ ਬਲੱਡ ਬੈਂਕਾਂ ਵਿੱਚ ਖ਼ੂਨ ਦੀ ਵੱਡੀ ਘਾਟ ਪਾਈ ਗਈ ਹੈ। ਇਸੇ ਮੁਹਿੰਮ ਤਹਿਤ ਉਨ੍ਹਾਂ ਵੱਲੋਂ ਵੀ ਮਾਨਸਾ ਦੇ ਸਿਵਲ ਹਸਪਤਾਲ ਚੋਂ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਹੈ ਅਤੇ ਖੂਨਦਾਨ ਕਰਨ ਦੇ ਲਈ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਸਿਵਲ ਹਸਪਤਾਲ ਮਾਨਸਾ 'ਚੋਂ 80 ਤੋਂ 100 ਦੇ ਕਰੀਬ ਯੂਨਿਟ ਖ਼ੂਨਦਾਨ ਕੀਤਾ ਗਿਆ ਹੈ।
ਖ਼ੂਨਦਾਨ ਕਰਨ ਵਾਲੇ ਨੌਜਵਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਖ਼ੂਨਦਾਨ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਉਸ ਨੇ ਕਿਹਾ ਕਿ ਜਿਸ ਤਰ੍ਹਾਂ ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਵੀਰ ਸਿੰਘ ਭੁਪਾਲ ਨੇ ਇਹ ਉਪਰਾਲਾ ਕੀਤਾ ਹੈ ਅਤੇ ਹਰੇਕ ਇਨਸਾਨ ਨੂੰ ਅੱਗੇ ਲੱਗ ਕੇ ਅਜਿਹਾ ਕਰਨਾ ਚਾਹੀਦਾ ਹੈ ਕਿਉਂਕਿ ਖ਼ੂਨਦਾਨ ਕਰਨਾ ਬਹੁਤ ਹੀ ਪੁੰਨ ਦਾ ਕੰਮ ਹੈ। ਖ਼ੂਨਦਾਨ ਕਰਨ ਨਾਲ ਕਿਸੇ ਜ਼ਰੂਰਤਮੰਦ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ।
ਖ਼ੂਨਦਾਨ ਕੈਂਪ ਵਿੱਚ ਸ਼ਾਮਲ ਹੋਏ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਜਿੱਥੇ ਹਸਪਤਾਲਾਂ 'ਚ ਵੱਡੀ ਘਾਟ ਪਾਈ ਗਈ ਸੀ ਉਸ ਦੇ ਤਹਿਤ ਹੀ ਯੂਥ ਕਾਂਗਰਸ ਵੱਲੋਂ ਖੂਨਦਾਨ ਕਰਨ ਦੀ ਮੁਹਿੰਮ ਚਲਾਈ ਗਈ ਹੈ। ਇਸੇ ਤਹਿਤ ਹੀ ਮਾਨਸਾ ਯੂਥ ਕਾਂਗਰਸ ਦੀ ਉਹ ਹੌਂਸਲਾ ਅਫ਼ਜ਼ਾਈ ਕਰਨ ਦੇ ਲਈ ਪਹੁੰਚੇ ਹਨ ਅਤੇ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਯੂਥ ਕਾਂਗਰਸ ਨੇ ਖ਼ੂਨਦਾਨ ਕੈਂਪ ਲਾ ਕੇ ਇੱਕ ਸ਼ਲਾਘਾ ਯੋਗ ਕਦਮ ਚੁੱਕਿਆ ਹੈ।