ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਫਿਰ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਆਪਣੇ ਪੁੱਤਰ ਦਾ ਕੇਸ ਰੱਬ ਭਰੋਸੇ ਛੱਡ ਦਿੱਤਾ ਹੈ ਅਤੇ ਹੁਣ ਨਾ ਹੀ ਸਰਕਾਰ ਦੇ ਅੱਗੇ ਹੱਥ ਅੱਡਣਗੇ ਅਤੇ ਨਾ ਹੀ ਕਿਸੇ ਸਰਕਾਰੀ ਦਫ਼ਤਰ ਜਾਣਗੇ ਉਨ੍ਹਾਂ ਕਿਹਾ ਕਿ ਸਿਰਫ਼ ਵਾਹਿਗੁਰੂ ਅੱਗੇ ਅਰਦਾਸ ਕਰਨਗੇ। ਉਨ੍ਹਾਂ ਲੋਕਾਂ ਨੂੰ ਵੀ ਅਰਦਾਸ ਕਰਨ ਦੇ ਲਈ ਕਿਹਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਦਾ ਹੁਣ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ।
ਆਪਣੇ ਬੱਚਿਆਂ ਦਾ ਰੱਖੋ ਖਿਆਲ : ਮੂਸੇਵਾਲਾ ਦੇ ਪਿਤਾ ਨੇ ਘਰ ਪਹੁੰਚੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਉਨ੍ਹਾਂ ਦਾ ਪੁੱਤਰ ਇਸ ਦੁਨੀਆਂ ਉੱਤੇ ਨਹੀਂ ਰਿਹਾ ਹੈ ਪਰ ਉਨਾਂ ਸਰਕਾਰ ਮੂਹਰੇ ਇਨਸਾਫ ਲਈ ਅਪੀਲ ਕੀਤੀ ਹੈ ਪਰ ਉਨ੍ਹਾਂ ਦੇ ਪੱਲੇ ਕੁੱਝ ਨਹੀਂ ਹੈ। ਬਲਕੌਰ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇਹੋ ਜਿਹੇ ਆ ਗਏ ਹਨ ਕਿ ਨੌਜਵਾਨਾਂ ਨੂੰ ਐੱਨਐੱਸਏ ਲਗਾ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ। ਬਲਕੌਰ ਸਿੰਘ ਨੇ ਉਨ੍ਹਾਂ ਵਲੋਂ ਆਪਣੇ ਪੁੱਤਰ ਕੇ ਕਤਲ ਦੇ ਇਨਸਾਫ਼ ਲਈ ਹਰ ਹੀਲਾ ਅਪਣਾਇਆ ਗਿਆ ਪਰ ਕੁਝ ਨਹੀਂ ਮਿਲਿਆ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਚੈਨਲ ਉੱਤੇ ਇੰਟਰਵਿਊ ਦੇ ਰਹੇ ਸਨ, ਜਿਸ 'ਚ ਉਨ੍ਹਾਂ ਕਿਹਾ ਕਿ ਮੈਂ ਪ੍ਰਤਾਪ ਸਿੰਘ ਬਾਜਵਾ ਦੀ ਗੱਡੀ ਵਿੱਚ ਬੈਠ ਕੇ ਵਿਧਾਨ ਸਭਾ ਦੇ ਬਾਹਰ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਸ਼ਾਂਤਮਈ ਤਰੀਕੇ ਨਾਲ ਹੀ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ।
ਇਹ ਵੀ ਪੜ੍ਹੋ : Jagbir Singh Brar join AAP: ਸੀਨੀਅਰ ਅਕਾਲੀ ਆਗੂ ਜਗਬੀਰ ਬਰਾੜ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ
ਹਾਲੇ ਤੱਕ ਨਹੀਂ ਹੋਈ ਮੁੱਖ ਮੰਤਰੀ ਨਾਲ ਮੀਟਿੰਗ : ਉਨ੍ਹਾਂ ਕਿਹਾ ਕਿ ਪੰਜਾਬ ਦੇ ਇੱਕ ਜਿੰਮੇਵਾਰ ਮੰਤਰੀ ਨੇ ਆ ਕੇ ਮੈਨੂੰ ਭਰੋਸਾ ਦਿੱਤਾ ਸੀ ਕਿ ਉਹ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਦੇਣਗੇ ਪਰ ਹੁਣ ਦੇਖ ਲਓ ਕਿੰਨੀ ਤਰੀਕ ਹੋ ਗਈ ਹੈ, ਹਾਲੇ ਤੱਕ ਕੋਈ ਮੀਟਿੰਗ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀਪ ਸਿੱਧੂ ਦੀ ਬਰਸੀ ਤੋ ਪਹਿਲਾਂ ਰੀਨਾ ਰਾਏ ਦਾ ਇੰਟਰਵਿਊ ਆ ਗਿਆ ਅਤੇ ਸਿੱਧੂ ਦੀ ਬਰਸੀ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਆਇਆ, ਇਹ ਸਰਕਾਰ ਵਲੋਂ ਹੀ ਸੀ ਤਾਂ ਜੋ ਬਰਸੀ ਉੱਤੇ ਹੋਣ ਵਾਲੇ ਇਕੱਠ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਅੱਜ ਤੋਂ ਬਾਅਦ ਆਪਣੇ ਪੁੱਤਰ ਦੇ ਇਨਸਾਫ ਲਈ ਸਿਰਫ ਰੱਬ ਉੱਤੇ ਭਰੋਸਾ ਰੱਖਣਗੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨਸਾਫ਼ ਲਈ ਅਰਦਾਸ ਕਰਨ ਕਿਉਂ ਕਿ ਉਹ ਸਰਕਾਰਾਂ ਅੱਗੇ ਹਾਰ ਚੁੱਕੇ ਹਨ।