ਮਾਨਸਾ: ਪੰਜਾਬ ਦੀ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੇ ਨਾਲ ਅਨੇਕਾਂ ਵਾਅਦੇ ਕੀਤੇ ਸਨ। ਇਨ੍ਹਾਂ ਚੋਂ ਇੱਕ ਹੈ ਸ਼ਗਨ ਸਕੀਮ। ਇਸ ਤਹਿਤ ਲੋੜਵੰਦ ਪਰਿਵਾਰ ਆਪਣੀ ਧੀਆਂ ਦੇ ਵਿਆਹ ਮੌਕੇ ਆਰਥਿਕ ਮਦਦ ਲਈ ਇਸ ਸਰਕਾਰੀ ਸ਼ਗਨ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਤਹਿਤ ਲਾਭਪਾਤਰੀਆਂ ਨੂੰ 51 ਹਜ਼ਾਰ ਰੁਪਏ ਦੀ ਆਰਥਿਕ ਮਦਦ ਮਿਲੇਗੀ।
ਜਨਤਾ ਲਈ ਹਰ ਸੰਭਵ ਮਦਦ ਕਰਨ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਦੇ ਦਾਅਵੇ ਉਦੋਂ ਝੂਠੇ ਪੈਂਦੇ ਨਜ਼ਰ ਆਏ। ਜਦ ਮਾਨਸਾ ਜ਼ਿਲ੍ਹੇ 'ਚ ਕਈ ਲੋੜਵੰਦ ਪਰਿਵਾਰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸ਼ਗਨ ਸਕੀਮ ਦੀ ਉਡੀਕ ਕਰਦੇ ਨਜ਼ਰ ਆਏ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਥਾਨਕ ਮਹਿਲਾ ਛਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਧੀ ਦੇ ਵਿਆਹ ਤੋਂ ਕਾਫੀ ਸਮਾਂ ਪਹਿਲਾਂ ਹੀ ਸ਼ਗਨ ਸਕੀਮ ਲਈ ਫਾਰਮ ਭਰ ਚੁੱਕੇ ਸਨ। ਉਨ੍ਹਾਂ ਦੀ ਧੀ ਦੇ ਵਿਆਹ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਪਰ ਅਜੇ ਤੱਕ ਉਨ੍ਹਾਂ ਨੂੰ ਸ਼ਗਨ ਸਕੀਮ ਤਹਿਤ ਮਿਲਣ ਵਾਲੀ ਰਕਮ ਨਹੀਂ ਮਿਲੀ। ਅਜਿਹਾ ਹੀ ਕੁੱਝ ਹੋਰਨਾਂ ਲੋਕ ਸੁਖਦੇਵ ਸਿੰਘ ਤੇ ਕਰਮਜੀਤ ਨਾਲ ਵੀ ਹੋਇਆ।
ਸੁਖਦੇਵ ਸਿੰਘ ਨੇ ਦੱਸਿਆ ਕਿ ਸਕੀਮ ਦੇ ਪੈਸੇ ਨਾ ਮਿਲਣ ਕਾਰਨ ਉਹ ਕਈ ਵਾਰ ਸਰਕਾਰੀ ਦਫ਼ਤਰਾਂ ਦੇ ਚੱਕਰ ਲੱਗਾ ਚੁੱਕੇ ਹਨ, ਪਰ ਹਰ ਵਾਰ ਸਰਕਾਰੀ ਅਫਸਰ ਵੱਖ-ਵੱਖ ਬਹਾਨੇ ਬਣਾਉਂਦੇ ਹਨ ਜਾਂ ਉਨ੍ਹਾਂ ਨੂੰ ਕਾਗਜ਼ ਪੂਰੇ ਨਾ ਹੋਣ ਦੀ ਗੱਲ ਕਹਿੰਦੇ ਹਨ। ਉਨ੍ਹਾਂ ਸੂਬਾ ਸਰਕਾਰ ਕੋਲੋਂ ਜਲਦ ਤੋਂ ਜਲਦ ਉਨ੍ਹਾਂ ਨੂੰ ਸ਼ਗਨ ਸਕੀਮ ਦੀ ਰਕਮ ਦਿੱਤੇ ਜਾਣ ਦੀ ਮੰਗ ਕੀਤੀ।