ਮਾਨਸਾ: ਪੰਜਾਬ ਸਰਕਾਰ ਵੱਲੋਂ ਸੱਤਾ ਹਾਸਲ ਕਰਨ ਤੋਂ ਪਹਿਲਾਂ ਬੇਰੁਜ਼ਗਾਰਾਂ ਨੂੰ ਘਰ-ਘਰ ਰੁਜ਼ਗਾਰ ਦੇਣ ਅਤੇ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਦੇ ਇਨ੍ਹਾਂ ਵਾਅਦਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਇਸ ਦਾ ਤਾਜ਼ਾ ਹੀ ਮਾਮਲਾ ਮਾਨਸਾ ਦੇ ਬੁਢਲਾਡਾ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਐਡ ਅਤੇ ਟੈੱਟ ਪਾਸ ਕਰ ਚੁੱਕਿਆ ਨੌਜਵਾਨ ਨੌਕਰੀ ਨਾ ਮਿਲਣ ਕਾਰਨ ਬਰਗਰ ਦੀ ਰੇਹੜੀ ਲਾ ਕੇ ਆਪਣਾ ਪਰਿਵਾਰ ਪਾਲਣ ਲਈ ਮਜਬੂਰ ਹੈ।
ਬੀਐਡ ਬਰਗਰ ਪੁਆਇੰਟ ਦੀ ਰੇਹੜੀ ਲਗਾਉਣ ਵਾਲੇ ਨੌਜਵਾਨ ਰਕੇਸ਼ ਕੁਮਾਰ ਕੇਸ਼ਵ ਨੇ ਦੱਸਿਆ ਕਿ ਉਸ ਨੇ ਬੀਐਡ, ਐਮਏ ਹਿੰਦੀ ਦੋ ਵਾਰ ਸੀਟੈੱਟ ਅਤੇ ਇੱਕ ਵਾਰ ਪੀਟੈੱਟ ਕਲੀਅਰ ਕੀਤਾ ਹੋਇਆ ਹੈ ਪਰ ਸਰਕਾਰ ਦੀ ਬੇਰੁਖ਼ੀ ਦੇ ਕਾਰਨ ਨੌਕਰੀ ਨਾ ਮਿਲਣ ਕਾਰਨ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਉਸ ਨੂੰ ਬਰਗਰ ਦੀ ਰੇਹੜੀ ਲਾਉਣੀ ਪਈ ਹੈ।
ਕੇਸ਼ਵ ਨੇ ਦੱਸਿਆ ਕਿ ਉਸ ਨੇ ਪੜ੍ਹਾਈ ਦੌਰਾਨ ਬਹੁਤ ਹੀ ਮਿਹਨਤ ਕੀਤੀ ਹੈ ਅਤੇ ਆਪਣੇ ਪਿਤਾ ਦੇ ਨਾਲ ਕੋਠੀਆਂ ਵਿੱਚ ਰੰਗ ਰੋਗਨ ਕਰਨ ਦੇ ਲਈ ਜਾਂਦਾ ਸੀ। ਇਸ ਤੋਂ ਇਲਾਵਾ ਉਹ ਮੈਰਿਜ ਪੈਲਸਾਂ ਵਿੱਚ ਵੇਟਰ ਦਾ ਕੰਮ ਕਰਕੇ ਪੜ੍ਹਾਈ ਕੀਤੀ ਤੇ ਚੰਡੀਗੜ੍ਹ ਵਿੱਚੋਂ ਪੜ੍ਹਾਈ ਦੌਰਾਨ ਵੀ ਉਸ ਨੇ ਰਾਤ ਨੂੰ ਏਟੀਐਮ ਤੇ ਸਕਿਓਰਿਟੀ ਗਾਰਡ ਵਜੋਂ ਨੌਕਰੀ ਕੀਤੀ ਤਾਂ ਜਾ ਕੇ ਆਪਣੀ ਪੜ੍ਹਾਈ ਪੂਰੀ ਕੀਤੀ।
ਨੌਕਰੀ ਨਾ ਮਿਲਣ ਕਰਕੇ ਪਰੇਸ਼ਾਨ ਹੋ ਕੇ ਬਰਗਰ ਦੀ ਰੇਹੜੀ ਲਾਉਣ ਦੇ ਲਈ ਮਜਬੂਰ ਹੋਏ ਕੇਸ਼ਵ ਨੇ ਦੱਸਿਆ ਕਿ ਜਿਸ ਤਰ੍ਹਾਂ ਉਹ ਬਰਗਰ ਦੀ ਰੇਹੜੀ ਲਾਉਣ ਲਈ ਮਜਬੂਰ ਹੋਇਆ ਹੈ ਉਸੇ ਤਰ੍ਹਾਂ ਹੀ ਬਹੁਤ ਸਾਰੇ ਬੀਐਡ ਪਾਸ ਨੌਜਵਾਨ ਝੋਨਾ ਲਾਉਣ ਦੇ ਲਈ ਮਜਬੂਰ ਹਨ ਤੇ ਕੋਈ ਪਕੌੜੇ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ।
ਕੇਸ਼ਵ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਘਰ-ਘਰ ਰੁਜ਼ਗਾਰ ਦਿੱਤਾ ਜਾਵੇਗਾ ਪਰ ਕਿਤੇ ਵੀ ਘਰ-ਘਰ ਰੁਜ਼ਗਾਰ ਨਹੀਂ ਦਿੱਤਾ ਜਿਸ ਦੇ ਚੱਲਦਿਆਂ ਅੱਜ ਸਰਕਾਰ ਦੀ ਬੇਰੁਖ਼ੀ ਕਾਰਨ ਨੌਜਵਾਨ ਰੁਲ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਯੋਗਤਾ ਅਨੁਸਾਰ ਤੁਰੰਤ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ।
ਬੁਢਲਾਡਾ ਸ਼ਹਿਰ ਦੇ ਸੁਖਪਾਲ ਸਿੰਘ ਨੇ ਦੱਸਿਆ ਕਿ ਅੱਜ ਕੇਸ਼ਵ ਦੀ ਤਰ੍ਹਾਂ ਹੋਰ ਵੀ ਬਹੁਤ ਸਾਰੇ ਨੌਜਵਾਨ ਝੋਨਾ ਤੇ ਬਰਗਰ ਦੀਆਂ ਰੇਹੜੀਆਂ ਲਾਉਣ ਲਈ ਮਜਬੂਰ ਹਨ। ਅੱਜ ਇਹ ਨੌਜਵਾਨ ਇੰਨੀ ਜ਼ਿਆਦਾ ਪੜ੍ਹਾਈ ਕਰਕੇ ਵੀ ਮਜ਼ਦੂਰੀ ਕਰਨ ਦੇ ਲਈ ਮਜਬੂਰ ਹਨ। ਉਨ੍ਹਾਂ ਉੱਥੇ ਹੀ ਕੇਸ਼ਵ ਉੱਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਬੁਢਲਾਡਾ ਸ਼ਹਿਰ ਦੇ ਵਿੱਚ ਇੱਕ ਮਿਸਾਲ ਵੀ ਹੈ ਜਿਸ ਨੇ ਪੜ੍ਹਾਈ ਕਰਕੇ ਨੌਕਰੀ ਨਾ ਮਿਲਣ ਦੇ ਚੱਲਦਿਆਂ ਵੀ ਆਪਣਾ ਸਵੈ ਰੁਜ਼ਗਾਰ ਸ਼ੁਰੂ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਜੋ ਸਰਕਾਰ ਨੇ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਉਹ ਉਨ੍ਹਾਂ ਨੂੰ ਰੁਜ਼ਗਾਰ ਦੇ ਕੇ ਪੂਰਾ ਕੀਤਾ ਜਾਵੇ।