ਮਾਨਸਾ: 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਜਾਂਦਾ ਹੈ। ਜਿਸ ਦੇ ਮੱਦੇ ਨਜ਼ਰ ਮਾਨਸਾ ਦੇ ਲੋਕਾਂ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਰੈਲੀ ਕੱਢੀ। ਇਸ ਰੈਲੀ ਵਿੱਚ ਮਾਨਸਾ ਦੇ ਬਜ਼ੁਰਗਾਂ ਤੋਂ ਲੈ ਕੇ ਬੱਚੇ ਤੱਕ ਸਾਮਲ ਸਨ। ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਚੇਤਨਾ ਰੈਲੀ ਦੇ ਵਿੱਚ ਮਾਨਸਾ ਦੀਆਂ ਵੱਖ ਵੱਖ ਸੰਸਥਾਵਾਂ ਦੇ ਆਗੂਆਂ, ਸਕੂਲੀ ਬੱਚਿਆ ਨੇ ਸ਼ਾਮਲ ਹੋ ਕੇ ਬਾਰਾਂ ਹੱਟਾ ਚੌਕ ਤੋ ਬੱਸ ਸਟੈਂਡ ਤੱਕ ਰੈਲੀ ਕੀਤੀ। ਇਸ ਮੌਕੇ ਬੁਲਾਰਿਆ ਨੇ ਮਾਂ ਬੋਲੀ ਨੂੰ ਬਚਾਉਣ ਦੇ ਲਈ ਹੋਕਾ ਦਿੱਤਾ। ਮਾਨਸਾ ਵਿਖੇ ਰਾਮ ਨਾਟਕ ਕਲੱਬ ਤੋ ਆਵਾਜ ਮਾਨਸਾ ਦੀ ਵੱਲੋ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸ਼ਹਿਰ ਦੇ ਵਿੱਚ ਚੇਤਨਾ ਮਾਰਚ ਕੀਤਾ ਗਿਆ।
ਮਾਂ ਬੋਲੀ ਨੂੰ ਖ਼ਤਰਾ: ਇਸ ਦੌਰਾਨ ਡਾਕਟਰ ਜਨਕ ਰਾਜ ਨੇ ਕਿਹਾ ਕਿ ਅੱਜ ਸਾਡੀ ਮਾਂ ਬੋਲੀ ਪੰਜਾਬੀ ਨੂੰ ਖ਼ਤਰਾ ਹੋ ਗਿਆ ਹੈ। ਕਿਉਕਿ ਪੰਜਾਬ ਵਿੱਚ ਪੰਜਾਬੀ ਬੋਲੀ ਤੋ ਜ਼ਿਆਦਾ ਇੰਗਲਿਸ਼ ਹਿੰਦੀ ਆਦਿ ਭਾਸ਼ਾਵਾ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਬੋਲੀ ਸਿਖੋ ਪਰ ਪਹਿਲ ਆਪਣੀ ਮਾਤਰ ਭਾਸ਼ਾ ਪੰਜਾਬੀ ਨੂੰ ਦਿਉ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਮਾਂ ਬੋਲੀ ਸਿਖਾਉ ਲਈ ਕਿਹਾ। ਡਾਕਟਰ ਜਨਕ ਰਾਜ ਨੇ ਕਿਹਾ ਕਿ ਸਾਨੂੰ ਪੰਜਾਬੀ ਮਾਂ ਬੋਲੀ ਬਾਰੇ ਜਾਗਰੂਕ ਕਰਨ ਲਈ ਰੈਲੀ ਕਰਨੀ ਪੈ ਰਹੀ ਹੈ। ਪੰਜਾਬੀ ਲਈ ਇਸ ਤੋਂ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਲਾਤ ਪੈਦਾ ਨਹੀਂ ਹੋਣੇ ਚਾਹੀਦੇ ਸਨ। ਪਰ ਹੁਣ ਜੇਕਰ ਅਜਿਹਾ ਹੋ ਗਿਆ ਹੈ। ਸਾਨੂੰ ਸਮੂਹ ਪੰਜਾਬੀਆਂ ਨੂੰ ਮਿਲ ਕੇ ਪੰਜਾਬ , ਪੰਜਾਬੀ, ਪੰਜਾਬੀਅਤ ਨੂੰ ਬਚਾਉਣ ਲਈ ਮਿਲ ਕੇ ਹੰਬਲਾ ਮਾਰਨਾ ਚਾਹੀਦਾ ਹੈ।
ਸਰਕਾਰ ਦਾ ਸ਼ਲਾਘਾਯੋਗ ਉਪਰਾਲਾ : ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਵੀ ਪੰਜਾਬੀ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਯਤਨ ਕਰ ਰਹੀ ਹੈ ਤੇ ਬੋਰਡਾ ਤੇ ਵੀ ਪੰਜਾਬੀ ਲਿਖਣ ਦਾ ਆਦੇਸ਼ ਜਾਰੀ ਕੀਤਾ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਤੇ ਪਿਆਰ ਦੇ ਨਾਲ ਪੰਜਾਬੀ ਲਿਖਣਾ ਲਾਗੂ ਕਰੋ। ਚੇਤਨਾ ਰੈਲੀ ਦੇ ਮੌਕੇ ਵੱਖ ਵੱਖ ਧਰਮਾਂ ਦੇ ਲੋਕ ਮੌਜੂਦ ਸਨ। ਰੈਲੀ ਵਿੱਚ ਵਿਦਿਆਰਥੀ ਪੰਜਾਬੀ ਮਾਂ ਬੋਲੀ ਨੂੰ ਦਰਸਾਉਣ ਵਾਲੇ ਬੈਨਰ ਲੈ ਕੇ ਆਏ ਸਨ। ਇਸ ਮੌਕੇ ਹੋਰ ਲੋਕਾਂ ਨੇ ਵੀ ਆਪਣੇ ਗਲਾ ਵਿੱਚ ਪੰਜਾਬੀ ਵਰਨਮਾਲਾ ਲਿਖੇ ਹੋਏ ਬੈਨਰ ਪਾਏ ਹੋਏ ਸਨ। ਰੈਲੀ ਦੇ ਵਿੱਚ ਵਿਦਿਆਰਥੀ ਮਾਂ ਬੋਲੀ ਸੰਬਧੀ ਨਾਅਰੇ ਲਗਾ ਰਹੇ ਸਨ।
ਇਹ ਵੀ ਪੜ੍ਹੋ:- International Mother Language Day 2023: ਇਨ੍ਹਾਂ ਕਾਰਨਾਂ ਕਰਕੇ ਮਾਂ ਬੋਲੀ ਨੂੰ ਪ੍ਰਫੁੱਲਤ ਕਰਨਾ ਹੈ ਜ਼ਰੂਰੀ, ਜਾਣੋ ਇਸ ਸਾਲ ਦਾ ਵਿਸ਼ਾ