ਮਾਨਸਾ: ਜ਼ਿਲ੍ਹੇ ਦੇ ਪਿੰਡ ਨਰਿੰਦਰਪੁਰਾ ਵਿਚ ਇਕ ਅਜਿਹਾ ਪਰਿਵਾਰ ਹੈ, ਜਿਨ੍ਹਾਂ ਦੀ ਮਾਂ ਦਾ ਸਾਇਆ ਤਾਂ ਸਿਰ ਤੋਂ ਉੱਠ ਗਿਆ, ਪਰ ਪਿਤਾ ਨੂੰ ਅੱਖਾਂ ਤੋਂ ਦਿਸਣੋਂ ਘੱਟ ਗਿਆ। ਬੱਚਿਆਂ 'ਤੇ ਕੁਦਰਤੀ ਕਰੋਪੀ ਹੈ, ਜਿਨ੍ਹਾਂ ਵਿੱਚ ਬੇਟਾ ਸੁਰਿੰਦਰ 37 ਸਾਲ, ਪਰ ਕੱਦ 3 ਫੁੱਟ, ਬੇਟੀ ਰੱਜੀ 14 ਸਾਲ, ਪਰ ਕੱਦ 2 ਹੈ। ਤੀਜੀ ਛੋਟੀ ਬੇਟੀ ਹੈ, ਕਾਜਲ 11 ਸਾਲ, ਬੇਸ਼ੱਕ ਸਿਹਤ ਪੱਖੋਂ ਤੰਦਰੁਸਤ ਹੈ, ਪਰ ਆਪਣੀ ਭੈਣ ਦਾ ਬੋਝ ਹਰ ਸਮੇਂ ਉਸਦੇ ਮੋਢੇ 'ਤੇ ਹੁੰਦਾ ਹੈ, ਕਿਉਂਕਿ ਦੋ ਫੁੱਟ ਦੀ ਰੱਜੋ ਚੱਲ ਫਿਰ ਨਹੀਂ ਸਕਦੀ ਅਤੇ ਉਸ ਨੂੰ ਹਰ ਸਮੇਂ ਕਾਜਲ ਹੀ ਆਪਣੇ ਮੋਢੇ ਨਾਲ ਲਾ ਕੇ ਰੱਖਦੀ ਹੈ।
ਕਾਜਲ ਪੰਜਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਜਦੋਂ ਉਸ ਨੇ ਸਕੂਲ ਜਾਣਾ ਹੁੰਦਾ ਹੈ, ਤਾਂ ਉਹ ਇਨ੍ਹਾਂ ਨੂੰ ਆਪਣੇ ਘਰ ਵਿਚ ਛੱਡ ਜਾਂਦੀ ਹੈ। ਪਿੱਛੋਂ ਦੇਖਭਾਲ ਵਾਲਾ ਕੋਈ ਨਾ ਹੋਣ ਕਾਰਨ ਇਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਘਰ ਵਿੱਚ ਸਿਰਫ਼ ਇੱਕ ਹੀ ਮੰਜਾ ਹੈ ਜਿਸ 'ਤੇ ਇਹ ਤਿੰਨੋਂ ਭੈਣ ਭਾਈ ਰਾਤ ਗੁਜ਼ਾਰਦੇ ਹਨ। ਜੇਕਰ ਗੱਲ ਖਾਣੇ ਦੀ ਕੀਤੀ ਜਾਵੇ ਤਾਂ ਇਨ੍ਹਾਂ ਕੋਲ ਕਿਸੇ ਵੀ ਪ੍ਰਕਾਰ ਦਾ ਕੋਈ ਰਾਸ਼ਨ ਨਹੀਂ ਅਤੇ ਪਿੰਡ ਦੇ ਵਿਚੋਂ ਰੋਟੀ ਮੰਗ ਕੇ ਖਾਂਦੇ ਹਨ।ਨਾ ਹੀ ਖਾਣਾ ਬਣਾਉਣ ਲਈ ਕਿਸੇ ਤਰ੍ਹਾਂ ਦਾ ਇਨ੍ਹਾਂ ਕੋਲ ਕੋਈ ਪ੍ਰਬੰਧ ਹੈ।
ਸੁਰਿੰਦਰ ਸਿੰਘ ਅਤੇ ਰੱਜੋ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਇਸ ਦੁਨੀਆਂ ਤੋਂ ਚਲੀ ਗਈ, ਪਿਤਾ ਨੂੰ ਅੱਖਾਂ ਤੋਂ ਘੱਟ ਦਿੱਸਦਾ ਹੈ ਜਿਸ ਕਾਰਨ ਉਨ੍ਹਾਂ ਦੋਨਾਂ ਦੀ ਦੇਖਭਾਲ ਉਨ੍ਹਾਂ ਦੀ ਸਭ ਤੋਂ ਛੋਟੀ ਭੈਣ ਕਾਜਲ ਹੀ ਕਰਦੀ ਹੈ। ਇਸ ਪਰਿਵਾਰ ਦੇ ਘਰ ਦੇ ਹਾਲਾਤ ਵੀ ਮਾੜੇ ਹਨ, ਪਰ ਸਰਕਾਰ ਤੋਂ ਸਿਰਫ ਖ਼ੁਸ਼ੀ ਖ਼ੁਸ਼ੀ ਇੱਕੋ ਹੀ ਚੀਜ਼ ਮੰਗ ਰਹੇ ਹਨ ਕਿ ਉਨ੍ਹਾਂ ਦੀ ਸਿਰ ਦੀ ਛੱਤ ਬਦਲਾਅ ਦਿੱਤੀ ਜਾਵੇ। ਕਿਉਂਕਿ, ਮੀਂਹ ਦੇ ਸਮੇਂ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਨੇ ਵੀ ਇਹੀ ਦੱਸਿਆ ਹੈ ਕਿ ਹਾਲਾਤ ਮਾੜੇ ਹਨ ਅਤੇ ਇਹ ਪਿੰਡ ਦੇ ਵਿਚੋਂ ਰੋਟੀ ਮੰਗ ਕੇ ਆਪਣਾ ਪੇਟ ਭਰਦੇ ਹਨ। ਉਨ੍ਹਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਪਰਿਵਾਰ ਦੀ ਤੁਰੰਤ ਸਾਰ ਲਈ ਜਾਵੇ।
ਇਹ ਵੀ ਪੜ੍ਹੋ: ਹਰਿਦੁਆਰ ਵਿੱਚ ਲੁੱਟ ਖੋਹ ਦੌਰਾਨ ਪੰਜਾਬ ਰੋਡਵੇਜ਼ ਦੇ ਕੰਡਕਟਰ ਉੱਤੇ ਹਮਲਾ, ਡਰਾਈਵਰ ਨੇ ਦਿਖਾਈ ਬਹਾਦਰੀ