ਲੁਧਿਆਣਾ: ਪਾਕਿਸਤਾਨ ਦੇ ਵਿੱਚ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਬੀਤੇ ਦਿਨੀਂ ਕੁਝ ਕੱਟੜਵਾਦੀਆਂ ਵੱਲੋਂ ਕੀਤੀ ਗਈ ਪੱਥਰਬਾਜ਼ੀ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਨੇ ਲੁਧਿਆਣਾ ਦੇ ਵਿੱਚ ਪਾਕਿਸਤਾਨ ਦਾ ਪੁਤਲਾ ਫੂਕਿਆ। ਇਸ ਦੌਰਾਨ ਯੂਥ ਅਕਾਲੀ ਦਲ ਦੇ ਨਾਲ ਮੁਸਲਿਮ ਭਾਈਚਾਰੇ ਦੇ ਲੋਕ ਵੀ ਮੌਜੂਦ ਰਹੇ। ਅਕਾਲੀ ਦਲ ਦੇ ਆਗੂਆਂ ਨੇ ਜੰਮ ਕੇ ਪਾਕਿਸਤਾਨ ਦੇ ਖ਼ਿਲਾਫ਼ ਆਪਣੀ ਭੜਾਸ ਕੱਢੀ।
ਲੁਧਿਆਣਾ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਦੋਹਰੀ ਨੀਤੀ ਚੱਲੀ ਹੈ, ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਿਆ ਜਾਂਦਾ ਹੈ ਅਤੇ ਦੂਜੇ ਅਤੇ ਨਨਕਾਣਾ ਸਾਹਿਬ ਦੇ ਉੱਤੇ ਪੱਥਰਬਾਜ਼ੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਇਹ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੇ ਬਰਾਬਰ ਹੀ ਹੈ। ਉਨ੍ਹਾਂ ਪਾਕਿਸਤਾਨ ਅਤੇ ਜੇਲ੍ਹ 'ਚ ਬੰਦ ਕੀਤੇ ਗਏ ਹਸਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਹਮਲੇ ਬਾਰੇ ਨਾ ਹੀ ਰਾਹੁਲ ਗਾਂਧੀ ਇਸ 'ਤੇ ਕੁਝ ਬੋਲਿਆ ਅਤੇ ਨਾ ਹੀ ਸੋਨੀਆ ਗਾਂਧੀ , ਸਿਰਫ ਕੈਪਟਨ ਨੇ ਬਿਆਨ ਜਾਰੀ ਕੀਤਾ ਹੈ।
ਇਹ ਵੀ ਪੜੋ: ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਸ੍ਰੀਨਗਰ 'ਚ ਗ੍ਰਿਫ਼ਤਾਰ
ਜਿੱਥੇ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਨਨਕਾਣਾ ਸਾਹਿਬ ਉੱਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਯੂਥ ਅਕਾਲੀ ਦਲ ਵਲੋਂ ਸੜਕਾਂ ਤੇ ਉੱਤਰ ਕੇ ਪਾਕਿਸਤਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।