ਲੁਧਿਆਣਾ: ਲੁਧਿਆਣਾ ਦੇ ਮੁੱਲਾਂਪੁਰ ਦਾਖਾ (Mullanpur Dakha of Ludhiana) 'ਚ ਪਿੰਡ ਜਾਂਗਪੁਰ 'ਚ ਸਥਿਤ ਨਸ਼ਾ ਛੁਡਾਊ ਕੇਂਦਰ (De-addiction center) ਤੋਂ 13 ਨੌਜਵਾਨ ਕੰਧ ਟੱਪ ਕੇ ਫ਼ਰਾਰ ਹੋ ਗਏ ਸਨ। ਇਨ੍ਹਾਂ ਨੌਜਵਾਨਾਂ ਵੱਲੋਂ ਲੁਧਿਆਣਾ ਸਿਵਲ ਹਸਪਤਾਲ (Ludhiana Civil Hospital) ਪਹੁੰਚਣ 'ਤੇ ਆਪਣੀ ਹੱਡਬੀਤੀ ਸਾਂਝੀ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਨਸ਼ਾ ਛੁਡਾਊ ਕੇਂਦਰ (De-addiction center) 'ਚ ਅਣਮਨੁੱਖੀ ਵਤੀਰਾ ਕੀਤਾ ਜਾਂਦਾ ਸੀ। ਜਿਸ ਕਰਕੇ ਉਨ੍ਹਾਂ ਨੇ ਉਥੋਂ ਭੱਜਣਾ ਹੀ ਬਿਹਤਰ ਸਮਝਿਆ। ਉਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਬਿਨ੍ਹਾਂ ਕਿਸੇ ਪ੍ਰਬੰਧਾਂ ਤੋਂ ਨੌਜਵਾਨਾਂ ਨੂੰ ਉੱਥੇ ਰੱਖਿਆ ਜਾਂਦਾ ਹੈ।
ਨੌਜਵਾਨਾਂ ਨੇ ਇਲਜ਼ਾਮ ਲਗਾਇਆ ਕਿ ਸੈਂਟਰ ਦੇ ਵਿੱਚ ਉਨ੍ਹਾਂ ਨੂੰ ਸਮੇਂ ਸਿਰ ਖਾਣਾ ਵੀ ਨਸੀਬ ਨਹੀਂ ਹੁੰਦਾ, ਜੇਕਰ ਦਿੱਤਾ ਵੀ ਜਾਂਦਾ ਹੈ ਤਾਂ ਉਨ੍ਹਾਂ ਨੂੰ ਸਵੇਰੇ ਲੂਣ ਨਾਲ ਇੱਕ ਰੋਟੀ ਮਿਲਦੀ ਹੈ ਤੇ ਫਿਰ ਰਾਤ ਨੂੰ ਹੀ ਖਾਣਾ ਦਿੱਤਾ ਜਾਂਦਾ ਹੈ। ਜੇਕਰ ਉਨ੍ਹਾਂ ਵੱਲੋਂ ਹੋਰ ਖਾਣਾ ਮੰਗਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਜ਼ਬਰਦਸਤੀ 15-20 ਰੋਟੀਆਂ ਖਵਾਈਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੈਦ ਕਰਕੇ ਰੱਖਿਆ ਜਾਂਦਾ ਸੀ। ਨਸ਼ਾ ਛੁਡਾਊ ਕੇਂਦਰ ਦੇ ਵਿੱਚ ਨਾ ਤਾਂ ਕੋਈ ਮਨੋਚਿਕਿਤਸਕ (Psychiatrist) ਸੀ ਅਤੇ ਨਾ ਹੀ ਕੋਈ ਫਾਰਮਸਿਸਟ (Pharmacist) ਜਿਸ ਕਰਕੇ ਇਸ ਸੈਂਟਰ ਵਿੱਚ ਰਹਿਣ ਕਰਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੱਗ ਗਈਆਂ ਹਨ।
ਤਿੰਨੋਂ ਨੌਜਵਾਨਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਨਸ਼ਾ ਛੁਡਾਊ ਕੇਂਦਰ (De-addiction center) ਵਿੱਚ ਦਾਖ਼ਲ ਕਰਨ ਤੋਂ ਪਹਿਲਾਂ ਕਿਸੇ ਦਾ ਵੀ ਕਿਸੇ ਤਰ੍ਹਾਂ ਦਾ ਕੋਈ ਟੈਸਟ ਵੀ ਨਹੀਂ ਕਰਵਾਇਆ ਜਾਂਦਾ। ਉਨ੍ਹਾਂ ਕਿਹਾ ਕਿ ਉੱਥੇ ਸੌਣ ਲਈ ਬੈੱਡ ਤੱਕ ਨਹੀਂ ਮਿਲਦੇ ਸਨ, ਇਕ ਹਾਲ ਵਿਚ ਹੀ 20-20 ਨੌਜਵਾਨਾਂ ਨੂੰ ਰੱਖਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਨਾਲ ਦੇ ਹਾਲੇ ਵੀ ਕਈ ਨੌਜਵਾਨ ਉੱਥੇ ਹੀ ਹਨ, ਇੱਥੋਂ ਤੱਕ ਕੀ ਕਈ- ਕਈ ਮਹੀਨਿਆਂ ਤੱਕ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ। ਜੇਕਰ ਉਨ੍ਹਾਂ ਵੱਲੋਂ ਘਰ ਜਾਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਇਸ ਸਬੰਧੀ ਜਦੋਂ ਸਿਵਲ ਸਰਜਨ (Civil Surgeon) ਨੂੰ ਫੋਨ 'ਤੇ ਗੱਲਬਾਤ ਕਰ ਕੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਧਿਆਨ ਵਿੱਚ ਅਜਿਹਾ ਕੋਈ ਮਾਮਲਾ ਨਹੀਂ ਹੈ। ਜੇਕਰ ਆਏਗਾ ਤਾਂ ਇਸ ਸਬੰਧੀ ਕਾਰਵਾਈ ਜ਼ਰੂਰ ਕਰਨਗੇ, ਜਦਕਿ ਉੱਧਰ ਦੂਜੇ ਪਾਸੇ ਸੈਂਟਰ ਦੇ ਪ੍ਰਬੰਧਕ ਵੀ ਮੀਡੀਆ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰਨ ਤੋਂ ਗੁਰੇਜ਼ ਕਰ ਰਹੇ ਹਨ।
ਇਹ ਵੀ ਪੜ੍ਹੋ: ਨਸ਼ਾ ਤਸਕਰਾਂ ‘ਤੇ ਪੁਲਿਸ ਦਾ ਸ਼ਿਕੰਜਾ...