ਲੁਧਿਆਣਾ: ਰਾਏਕੋਟ ਸ਼ਹਿਰ ਦੀ ਖੂਬਸੂਰਤੀ ਨੂੰ ਵਧਾਉਣ ਲਈ ਐਸ.ਡੀ.ਐਮ ਡਾ. ਹਿਮਾਂਸ਼ੂ ਗੁਪਤਾ ਵੱਲੋਂ ਸ਼ੁਰੂ ਕੀਤੀ ਗਈ "ਮੇਰਾ ਸ਼ਹਿਰ-ਮੇਰੀ ਜ਼ਿੰਮੇਵਾਰੀ" ਨਾਮਕ ਮੁਹਿੰਮ ਤੋਂ ਪ੍ਰੇਰਿਤ ਹੋਏ ਰਾਏਕੋਟ ਸ਼ਹਿਰ ਦੇ ਮੁਹੱਲਾ ਵੋਹਰਿਆਂ ਦੇ ਨੌਜਵਾਨਾਂ ਨੇ ਆਪਣੇ ਮੁਹੱਲੇ ਦੀ ਸੁੰਦਰਤਾ ਨੂੰ ਵਧਾਉਣ ਦਾ ਬੀੜਾ ਚੁੱਕਿਆ ਹੈ।
ਮੁਹੱਲੇ ਦੇ ਨੌਜਵਾਨਾਂ ਵੱਲੋਂ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਦੀ ਦੇਖ ਰੇਖ ਹੇਠ ਮੁਹੱਲੇ ਦੇ ਨੌਜਵਾਨਾਂ ਨੇ ਮੁਹੱਲੇ ਵਿੱਚ ਸਫ਼ਾਈ ਦੇ ਪ੍ਰਬੰਧਾਂ 'ਚ ਕਾਫ਼ੀ ਸੁਧਾਰ ਕਰਨ ਤੋਂ ਇਲਾਵਾ ਹੋਰ ਕਈ ਮਿਸਾਲੀ ਕੰਮ ਕੀਤੇ ਗਏ। ਸੀਵਰੇਜ ਦੀਆਂ ਹੌਦੀਆਂ ਦੇ ਢੱਕਣਾਂ ਥੱਲੇ ਜਾਲੀ ਲਗਾਈ ਤਾਂ ਜੋ ਸੀਵਰੇਜ 'ਚ ਕੂੜਾ- ਕਰਕਟ ਨਾ ਜਾਵੇ। ਮੁਹੱਲੇ ਦੀ ਸਫਾਈ ਦਾ ਜ਼ਿੰਮਾ ਖ਼ੁਦ ਉਠਾਉਂਦਿਆਂ ਮੁਹੱਲੇ ਵਿੱਚ ਸਪੀਕਰ ਸਿਸਟਮ ਲਗਾਇਆ ਗਿਆ ਹੈ ਤਾਂ ਜੋ ਸਫ਼ਾਈ ਸੇਵਕ ਦੇ ਆਉਣ ਸਬੰਧੀ ਵਸਨੀਕਾਂ ਨੂੰ ਸੂਚਨਾ ਮਿਲ ਜਾਵੇ ਅਤੇ ਉਹ ਆਪਣਾ ਘਰ ਦਾ ਕੂੜਾ ਕਰਕਟ ਉਸ ਨੂੰ ਦੇ ਸਕਣ।
ਨੌਜਵਾਨਾਂ ਵੱਲੋਂ ਮੱਖੀਆਂ ਮੱਛਰਾਂ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਕੀਤਾ ਗਿਆ। ਘਰਾਂ ਅੱਗੇ ਨੇਮ ਪਲੇਟਾਂ ਲਗਾਈਆਂ, ਸਗੋਂ ਮੁਹੱਲੇ ਦੇ ਕੁਝ ਪਰਿਵਾਰਾਂ ਦੇ ਸਹਿਯੋਗ ਨਾਲ ਖੂਬਸੂਰਤ ਗੇਟ ਦਾ ਨਿਰਮਾਣ ਕਰਵਾਇਆ ਗਿਆ।
ਆਉਣ ਵਾਲੇ ਸਮੇਂ ਵਿੱਚ ਮੁਹੱਲੇ ਵਿੱਚ ਇੱਕ ਮਿੰਨੀ ਪਾਰਕ ਬਣਾਉਣ ਦਾ ਵੀ ਪ੍ਰੋਜੈਕਟ ਉਲੀਕਿਆ ਹੈ। ਨੌਜਵਾਨਾਂ ਦੇ ਇਸ ਉੱਦਮ ਦੀ ਐੱਸ ਡੀ ਐੱਮ ਰਾਏਕੋਟ ਡਾ ਹਿਮਾਂਸ਼ੂ ਗੁਪਤਾ ਨੇ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਨਮਾਨਤ ਕੀਤਾ। ਇਨ੍ਹਾਂ ਨੌਜਵਾਨਾਂ ਵੱਲੋਂ ਕੀਤੇ ਗਏ ਇਸ ਉੱਦਮ ਤੋਂ ਹੋਰਨਾਂ ਲੋਕਾਂ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਜੋ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਆਲੇ ਦੁਆਲੇ ਅਤੇ ਮੁਹੱਲੇ ਨੂੰ ਸੁੰਦਰ ਬਣਾਉਣ ਲਈ ਯਤਨ ਕਰਨ।