ਲੁਧਿਆਣਾ: ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ 350ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਦਿਨ ਸਨਿੱਚਰਵਾਰ ਨੂੰ ਲੁਧਿਆਣਾ ਦੇ ਰਕਬਾ ਤੋਂ ਵਿਸ਼ੇਸ਼ ਤੌਰ ਉੱਤੇ ਇੱਕ ਇਤਿਹਾਸਿਕ ਯਾਤਰਾ ਕੱਢੀ ਗਈ। ਇਹ ਯਾਤਰਾ ਲੁਧਿਆਣਾ ਤੋਂ ਚੱਪੜ ਚਿੜੀ ਦੇ ਇਤਿਹਾਸਿਕ ਸਥਾਨ ਉੱਤੇ ਜਾ ਕੇ ਖ਼ਤਮ ਹੋਈ।
ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਸ਼ਹਿਰ ਵਿੱਚ ਯਾਤਰਾ ਦੇ ਪਹੁੰਚਣ ਉੱਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਵੱਲੋਂ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਯਾਤਰਾ ਦੇ ਵਿੱਚ ਬੱਚਿਆਂ ਦੀ ਗੱਤਕਾ ਪਾਰਟੀਆਂ ਅਤੇ ਕੀਰਤਨੀ ਸਿੰਘਾਂ ਵੱਲੋਂ ਬਾਣੀ ਵੀ ਗਾਇਨ ਕੀਤੀ ਗਈ।
ਕਥਾਵਾਚਕ ਹਰਦੇਵ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਵਿੱਚ ਵਿਸ਼ੇਸ਼ ਇਹ ਹੈ ਕਿ ਇਸ ਯਾਤਰਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਪੁਰਾਤਨ ਸ਼ਸਤਰਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਦੀ ਬਦੌਲਤ ਉਨ੍ਹਾਂ ਨੇ ਚੱਪੜਚਿੜੀ ਦੀ ਜੰਗ ਜਿੱਤੀ ਸੀ ਅਤੇ ਖ਼ਾਲਸਾ ਰਾਜ ਸਥਾਪਿਤ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਇਹ ਸਸ਼ਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਗੋਦਾਵਰੀ ਨਦੀ ਦੇ ਕੰਢੇ ਦਿੱਤੇ ਗਏ ਸਨ। ਇਨ੍ਹਾਂ ਵਿੱਚੋਂ ਇੱਕ ਤੀਰ ਉੱਤੇ ਸਵਾ ਤੋਲੇ ਸੋਨਾ ਲੱਗਾ ਹੈ, ਗੁਰੂ ਗੋਬਿੰਦ ਸਿੰਘ ਜੀ ਚਾਹੁੰਦੇ ਸਨ ਕਿ ਜੰਗ ਵਿੱਚ ਉਨ੍ਹਾਂ ਦੇ ਤੀਰ ਨਾਲ ਜੇ ਕੋਈ ਜ਼ਖ਼ਮੀ ਹੁੰਦਾ ਹੈ ਤਾਂ ਉਹ ਇਸ ਤੀਰ ਉੱਤੇ ਲੱਗੇ ਸੋਨੇ ਨਾਲ ਆਪਣਾ ਇਲਾਜ਼ ਕਰਵਾ ਸਕੇ।
ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਅੰਤਰ-ਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਯਾਤਰਾ ਦੇ ਮੁੱਖ ਪ੍ਰਬੰਧਕ ਕ੍ਰਿਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਰਕਬਾ ਲੁਧਿਆਣਾ ਤੋਂ ਚੱਲ ਕੇ ਇਹ ਯਾਤਰਾ ਲੁਧਿਆਣਾ ਸ਼ਹਿਰ 'ਚੋਂ ਹੁੰਦੀ ਹੋਈ ਚੱਪੜਚਿੜੀ ਦੇ ਮੈਦਾਨ ਵਿੱਚ ਜਾ ਕੇ ਖ਼ਤਮ ਹੋਈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਸ਼ਹੀਦਾਂ ਨੂੰ ਯਾਦ ਕਰਨ ਦੀ ਲੋੜ ਹੈ ਅਤੇ ਉਨ੍ਹਾਂ ਬਾਰੇ ਨਵੀਂ ਪੀੜ੍ਹੀ ਨੂੰ ਜਾਣਕਾਰੀ ਮਿਲ ਸਕੇ ਇਸ ਕਰਕੇ ਇਹ ਯਾਤਰਾ ਕੱਢੀ ਜਾ ਰਹੀ ਹੈ।