ਲੁਧਿਆਣਾ: ਅੱਜ ਯਾਨੀ 5 ਜੂਨ ਨੂੰ ਵਿਸ਼ਵ ਭਰ 'ਚ ਵਿਸ਼ਵ ਵਾਤਾਵਰਣ ਦਿਵਸ(World Environment Day) ਮਨਾਇਆ ਜਾ ਰਿਹਾ ਹੈ। ਪਰ ਵਾਤਾਵਰਣ ’ਚ ਲਗਾਤਾਰ ਬਦਲਾਅ ਹੋ ਰਿਹਾ ਹੈ ਜਿਸ ਦਾ ਅਸਰ ਨਾ ਸਿਰਫ ਸਾਡੀ ਜਿੰਦਗੀ ’ਚ ਬਲਕਿ ਪਸ਼ੂ ਪੰਛੀਆਂ ’ਤੇ ਵੀ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਵਾਤਾਰਵਰਣ ਚ ਹੋ ਰਹੇ ਬਦਲਾਅ ਕਾਰਨ ਨਾ ਤਾਂ ਸਮੇਂ ਸਿਰ ਸਰਦੀ ਪੈਂਦੀ ਹੈ ਅਤੇ ਨਾ ਹੀ ਗਰਮੀ। ਇਸ ਸਬੰਧ ’ਚ ਸਾਡੇ ਪੱਤਰਕਾਰ ਨੇ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨਾਲ ਗੱਲਬਾਤ ਕੀਤੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ(Punjab Agricultural University) ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਕਿਵੇਂ ਬੀਤੇ ਕੁਝ ਦਹਾਕਿਆਂ ਦੇ ਦੌਰਾਨ ਮੌਸਮ ਵਿੱਚ ਤਬਦੀਲੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਮਹੀਨੇ ਅੰਦਰ ਹੀ ਚਾਰ ਚਾਰ ਵਾਰ ਮੌਸਮ ਬਦਲਣਾ ਸਹੀ ਨਹੀਂ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਲੰਘਿਆ ਮਈ ਦਾ ਮਹੀਨਾ ਬੀਤੇ 20 ਸਾਲਾਂ ਵਿੱਚ ਸਭ ਤੋਂ ਠੰਢਾ ਮਹੀਨਾ ਰਿਹਾ ਹੈ। ਮਈ ਮਹੀਨੇ ਵਿੱਚ ਕਦੇ ਵੀ ਪਾਰਾ ਇੰਨਾਂ ਹੇਠਾਂ ਨਹੀਂ ਡਿੱਗਿਆ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਭ ਕੁਝ ਸਹੀ ਨਹੀਂ ਹੈ।
ਡਾ. ਪ੍ਰਭਜੋਤ ਕੌਰ ਦਾ ਕਹਿਣਾ ਹੈ ਕਿ ਵਾਤਾਵਰਣ ਚ ਤਬਦੀਲੀ ਨਾਲ ਸਾਡੀ ਜਿੰਦਗੀ ਦੇ ਨਾਲ ਨਾਲ ਬਨਸਪਤੀ, ਫਸਲਾਂ ਅਤੇ ਪਸ਼ੂ ਪੰਛੀਆਂ ਤੇ ਵੀ ਡੂੰਘਾ ਅਸਰ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਪੰਜਾਬ ਵਿਚ ਏਅਰ ਕੁਆਲਿਟੀ ਇੰਡੈਕਸ ਲਗਾਤਾਰ ਵਧਦਾ ਜਾ ਰਿਹਾ ਹੈ ਹੁਣ ਸ਼ਹਿਰਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ ਹਵਾ ਗੰਦਲੀ ਹੋ ਗਈ ਹੈ। ਇਸ ਲਈ ਇਨਸਾਨ ਜਿੰਮੇਵਾਰ ਹੈ। ਡਾ. ਪ੍ਰਭਜੋਤ ਨੇ ਦੱਸਿਆ ਕਿ ਆਕਸੀਜਨ ਸਾਡੇ ਲਈ ਕਿੰਨੀ ਜਰੂਰੀ ਹੈ ਇਹ ਸਾਨੂੰ ਹੁਣ ਸਮਝ ਲੱਗੀ ਹੈ ਇਸਦੇ ਬਾਵਜੁਦ ਵੀ ਲੋਕ ਰੁੱਖਾਂ ਨੂੰ ਖਤਮ ਕਰਨ ਚ ਲੱਗੇ ਹੋਏ ਹਨ। ਲੋਕ ਰੁੱਖ ਕੱਟ ਰਹੇ ਹਨ ਪਰ ਲਗਾ ਨਹੀਂ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਣ ਨੂੰ ਸ਼ੁੱਧ ਸਾਫ ਰੱਖਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ, ਨਹੀਂ ਤਾਂ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਸਾਫ ਵਾਤਾਵਰਣ ਨਹੀਂ ਦੇ ਸਕਾਂਗੇ।
ਇਹ ਵੀ ਪੜੋ: World Environment Day: ਸਕਾਰਾਤਮਕ ਤਬਦੀਲੀ ਨਾਲ ਹੋ ਸਕਦਾ ਹੈ ਧਰਤੀ ਦਾ ਸੁਰੱਖਿਅਤ ਭਵਿੱਖ